ਬਰਨਾਲਾ,21 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਵੈਸੇ ਰੈਸਟੋਰੈਂਟ ਅਤੇ ਹੋਟਲਾਂ ਨੂੰ ਖਾਣ ਪੀਣ ਅਤੇ ਠਹਿਰਨ ਲਈ ਇੱਕ ਲੋਕੇਸ਼ਨ ਵਜੋਂ ਵੇਖਿਆ ਜਾਂਦਾ ਹੈ ਪ੍ਰੰਤੂ ਅੱਜਕੱਲ੍ਹ ਇਹਨਾਂ ਹੋਟਲਾਂ ਵਿੱਚ ਜਿਸਮਾਂ ਦੀ ਸੌਦੇਬਾਜ਼ੀ ਵੀ ਆਮ ਹੀ ਹੋ ਰਹੀ ਹੈ। ਸਿਤਮਜ਼ਰੀਫ਼ੀ ਇਹ ਹੈ ਕਿ ਇਹ ਜਿਸਮਾਂ ਦੀ ਸੌਦੇਬਾਜੀ ਰਾਤ ਦੇ ਹਨੇਰੇ ਵਿੱਚ ਨਹੀਂ ਸਗੋਂ ਦਿਨ ਵੇਲੇ ਸਿਖ਼ਰ ਦੁਪਹਿਰੇ ਹੋਟਲਾਂ ਦੇ ਕਮਰਿਆਂ ਵਿੱਚ ਰੰਗ ਬਿਰੰਗੀਆਂ ਲਾਈਟਾਂ ਦੀ ਰੌਸ਼ਨੀ ਵਿੱਚ ਹੋ ਰਹੀ ਹੈ। ਜੇਕਰ ਬਰਨਾਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਕੁਝ ਹੋਟਲਾਂ ਵਿੱਚ ਜਿਸਮਫਰੋਸ਼ੀ ਦੀਆਂ ਖ਼ਬਰਾਂ ਮੁੱਖ ਸੁਰਖੀਆਂ ਬਣ ਰਹੀਆਂ ਹਨ। ਸ਼ਹਿਰ ਦੇ ਕੁਝ ਹੋਟਲਾਂ ‘ਚ ਸ਼ਰੇਆਮ ਹੋ ਰਹੇ ਜਿਸਮਫਰੋਸੀ ਦੇ ਇਸ ਧੰਦੇ ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਿਖ਼ਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਜਦੋਂ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਸ਼ਹਿਰ ਵਾਸੀਆਂ ਨੇ ਆਪਣੇ ਤੌਰ ‘ਤੇ ਇਹਨਾਂ ਹੋਟਲ ਵਾਲਿਆਂ ਦੇ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਸ਼ਹਿਰ ਦੇ ਗਰੂ ਰਵਿਦਾਸ ਚੌਂਕ ਨੇੜੇ ਬਣੀ ਇੰਦਰਲੋਕ ਕਾਲੋਨੀ ਦੇ ਵਾਸੀਆਂ ਨੇ ਤਾਂ ਇਹਨਾਂ ਹੋਟਲਾਂ ‘ਚ ਦੇਹ ਵਪਾਰ ਦੇ ਧੰਦੇ ਸਬੰਧੀ ਕਾਲੋਨੀ ਵਿੱਚ ਬਕਾਇਦਾ ਪੱਤਰਕਾਰਾਂ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ। ਇੰਦਰਲੋਕ ਕਾਲੋਨੀ ਦੇ ਰੈਜੀਡੈਂਟਸ ਸੰਸਥਾ ਦੇ ਪ੍ਰਧਾਨ ਸੇਵਾਮੁਕਤ ਮਾਸਟਰ ਭੋਲਾ ਸਿੰਘ ਨੇ ਆਪਣੇ ਸਾਥੀਆਂ ਸੇਵਾਮੁਕਤ ਥਾਣੇਦਾਰ ਹਰਬੰਸ ਸਿੰਘ, ਗੁਰਬਚਨ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਛੋਟਾ ਸਿੰਘ, ਸੁਖਵੰਤ ਸਿੰਘ, ਬਹਾਦਰ ਸਿੰਘ, ਮੋਹਣ ਸਿੰਘ ਅਤੇ ਦਲਬਾਰਾ ਸਿੰਘ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲੋਨੀ ਦੇ ਨੇੜੇ ਬਣੇ ਹੋਟਲਾਂ ਵਿੱਚ ਛੋਟੀ ਉਮਰ ਦੇ ਮੁੰਡੇ ਕੁੜੀਆਂ ਆਉਂਦੇ ਹਨ ਅਤੇ ਇੱਕ-ਇੱਕ ਘੰਟਾ ਜਾਂ ਦੋ-ਦੋ ਘੰਟੇ ਲਈ ਕਮਰੇ ਬੁੱਕ ਕਰਵਾਉਂਦੇ ਹਨ। ਮਾਸਟਰ ਭੋਲਾ ਸਿੰਘ ਨੇ ਦਾਅਵਾ ਕੀਤਾ ਕਿ ਇਹਨਾਂ ਮੁੰਡੇ ਕੁੜੀਆਂ ਵਿੱਚੋਂ ਕੁਝ ਕੁੜੀਆਂ ਦੀ ਉਮਰ 18 ਸਾਲ ਤੋਂ ਵੀ ਘੱਟ ਭਾਵ ਉਹ ਨਾਬਾਲਿਗ ਹੁੰਦੀਆਂ ਹਨ। ਮਾਸਟਰ ਭੋਲਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਵੀ ਲਿਖ਼ਤੀ ਤੌਰ ‘ਤੇ ਦਰਖਾਸਤਾਂ ਦਿੱਤੀਆਂ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਹਨਾਂ ਦੀ ਇੱਕ ਦਰਖ਼ਾਸਤ ਡੀਐਸਪੀ ਬਰਨਾਲਾ ਨੇ ਉਨਾਂ ਨੂੰ ਸ਼ਾਮਿਲ ਤਫਤੀਸ਼ ਕੀਤੇ ਬਿਨਾਂ ਹੀ ਦਾਖ਼ਲ ਦਫ਼ਤਰ ਕਰ ਦਿੱਤੀ।
ਮਾਸਟਰ ਭੋਲਾ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਹੋਟਲ ‘ਚ ਆਉਣ ਵਾਲੇ ਮੁੰਡੇ ਕੁੜੀਆਂ ਦੀਆਂ ਕੁਝ ਵੀਡੀਓ ਫੁਟੇਜ ਵੀ ਹਨ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਕਾਲੋਨੀ ਦੇ ਬਿਲਕੁਲ ਨੇੜੇ ਹੋ ਰਹੇ ਇਸ ਧੰਦੇ ਦਾ ਉਹਨਾਂ ਦੀਆਂ ਧੀਆਂ ਭੈਣਾਂ ‘ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਉਹ ਸਾਰੇ ਆਪਣੇ ਘਰਾਂ ਦੇ ਨਜ਼ਦੀਕ ਇਸ ਸਮਾਜ ਵਿਰੋਧੀ ਵਰਤਾਰੇ ਤੋਂ ਸ਼ਰਮਿੰਦਾ ਅਤੇ ਦੁਖੀ ਹਨ। ਕਾਲੋਨੀ ਵਾਸੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਹੋਟਲਾਂ ‘ਚ ਆਉਣ ਵਾਲੀਆਂ ਘੱਟ ਉਮਰ ਦੀਆਂ ਕੁਝ ਕੁੜੀਆਂ ਸਕੂਲ ਦੀ ਵਰਦੀ ਵਿੱਚ ਹੀ ਹੁੰਦੀਆਂ ਹਨ। ਕਾਲੋਨੀ ਵਾਸੀਆਂ ਨੇ ਕਿਹਾ ਕਿ ਜੇਕਰ ਆਮ ਵਿਅਕਤੀ ਲਈ ਘੁੰਮਣ ਫਿਰਨ ਦੀ ਆਜ਼ਾਦੀ ਦੇ ਪੁਆਇੰਟ ਤੋਂ ਗੱਲ ਕਰਨੀ ਹੋਵੇ ਤਾਂ ਕਾਨੂੰਨ ਅਨੁਸਾਰ ਕੋਈ ਬਾਲਗ ਵਿਅਕਤੀ ਕਿਸੇ ਨਾਲ ਵੀ ਰਿਲੇਸ਼ਨਸ਼ਿਪ ਵਿੱਚ ਰਹਿ ਸਕਦਾ ਅਤੇ ਘੁੰਮ ਫਿਰ ਸਕਦਾ ਹੈ ਪ੍ਰੰਤੂ ਕਿਤੇ ਖਾਣ ਪੀਣ ਦੀ ਲੋਕੇਸ਼ਨ ‘ਤੇ ਦਿਨ ਦਿਹਾੜੇ ਜਿਸਮਾਂ ਦੀ ਸੌਦੇਬਾਜ਼ੀ ਕਾਨੂੰਨ ਦੀ ਉਕਤ ਪਰਿਭਾਸ਼ਾ ‘ਤੇ ਕਿਵੇਂ ਖਰੀ ਉਤਰਦੀ ਹੈ ? ਦੂਜੇ ਪਾਸੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਖ਼ਬਰਾਂ ਲੱਗਣ ਤੋਂ ਬਾਅਦ ਵੀ ਬਰਨਾਲਾ ਪੁਲਿਸ ਹਰਕਤ ਵਿੱਚ ਨਹੀਂ ਆਈ ਅਤੇ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਰੰਗ ਬਿਰੰਗੀਆਂ ਲਾਈਟਾਂ ਦੀ ਰੌਸ਼ਨੀ ‘ਚ ਜਿਸਮਾਂ ਦੀ ਸੌਦੇਬਾਜ਼ੀ ਬਾਦਸਤੂਰ ਜਾਰੀ ਹੈ। ਸ਼ਹਿਰ ਦੇ ਕੁਝ ਮੋਹਤਬਰ ਵਿਅਕਤੀਆਂ ਵੱਲੋਂ ਹੋਟਲਾਂ ਚ ਦੇਹ ਵਪਾਰ ਦੇ ਧੰਦੇ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਅਤੇ ਦੋਸ਼ਾਂ ਦੇ ਮਾਮਲੇ ਚ ਜਦ ਐਸਐਸਪੀ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ਼ ਆਲਮ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ “ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਸਾਰੇ ਹੋਟਲਾਂ ਦੀ ਚੈਕਿੰਗ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ”।
ਹੋਟਲਾਂ ‘ਚ ਦੇਹ ਵਪਾਰ ਦੇ ਧੰਦੇ ਦੇ ਦੋਸ਼ਾਂ ਸਬੰਧੀ ਜਦ ਕੁਝ ਹੋਟਲਾਂ ਦੇ ਸੰਚਾਲਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਹੋਟਲਾਂ ਵਿੱਚ ਜੋ ਵੀ ਹੋ ਰਿਹਾ ਇਹ ਕਾਨੂੰਨ ਅਨੁਸਾਰ ਹੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹ 18 ਸਾਲ ਤੋਂ ਉੱਪਰ ਉਮਰ ਦੇ ਗਾਹਕਾਂ ਨੂੰ ਕਮਰਾ ਦਿੰਦੇ ਹਨ। ਹੋਟਲ ਵਿੱਚ ਇੱਕ ਘੰਟਾ ਜਾਂ ਦੋ ਘੰਟੇ ਕਮਰੇ ਦੀ ਬੁਕਿੰਗ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਹੋਟਲ ਵਾਲਿਆਂ ਨੇ ਕਿਹਾ ਕਿ “ਉਹ 12 ਘੰਟੇ ਲਈ ਬੁਕਿੰਗ ਕਰਦੇ ਹਨ, ਜੇਕਰ ਕੋਈ ਪਹਿਲਾਂ ਚਲਿਆ ਜਾਵੇ ਤਾਂ ਰੋਕਿਆ ਨਹੀਂ ਜਾ ਸਕਦਾ”।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਹੋਟਲਾਂ ਵਾਲੇ ਭਾਵੇਂ ਬ੍ਰੇਕਫਾਸਟ, ਲੰਚ ਅਤੇ ਡਿਨਰ ਦੇਣ ਦਾ ਦਾਅਵਾ ਕਰਦੇ ਹਨ ਪਰ ਹੋਟਲਾਂ ਦੇ ਮੈਨੇਜਰਾਂ ਨੇ ਮੰਨਿਆ ਕਿ ਉਹਨਾਂ ਕੋਲ ਬ੍ਰੇਕਫਾਸਟ, ਲੰਚ ਅਤੇ ਡਿਨਰ ਦਾ ਕੋਈ ਪ੍ਰਬੰਧ ਨਹੀਂ ਅਤੇ ਉਹ ਗਾਹਕ ਦੀ ਮੰਗ ਅਨੁਸਾਰ ਬਾਹਰੋਂ ਬ੍ਰੇਕਫਾਸਟ ,ਲੰਚ ਅਤੇ ਡਿਨਰ ਮੰਗਵਾ ਕੇ ਦਿੰਦੇ ਹਨ। ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਇਹਨਾਂ ਹੋਟਲਾਂ ਵਿੱਚ ਖਾਣ ਪੀਣ ਦਾ ਪ੍ਰਬੰਧ ਹੀ ਨਹੀਂ ਤਾਂ ਕੀ ਇਹਨਾਂ ਹੋਟਲਾਂ ਨੇ ਸਿਰਫ਼ ਕਮਰੇ ਕਿਰਾਏ ‘ਤੇ ਦੇਣ ਲਈ ਹੀ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ? ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਰਨਾਲਾ ਸ਼ਹਿਰ ਕੋਈ ਬਹੁਤਾ ਵੱਡਾ ਉਦਯੋਗਿਕ ਸ਼ਹਿਰ ਨਹੀਂ ਹੈ ਜਿੱਥੋਂ ਬਾਹਰੋਂ ਵਪਾਰ ਕਰਨ ਲਈ ਵਪਾਰੀ ਆਉਂਦੇ ਹੋਣ ਤੇ ਉਹਨਾਂ ਨੂੰ ਰਾਤ ਠਹਿਰਨ ਦੀ ਲੋੜ ਪੈਂਦੀ ਹੋਵੇ, ਫਿਰ ਸਵਾਲ ਤਾਂ ਉੱਠਦੇ ਹੀ ਨੇ ਕਿ ਇਹਨਾਂ ਹੋਟਲਾਂ ਦੇ ਲੱਖਾਂ ਰੁਪਏ ਦੇ ਮਹੀਨਾਵਾਰ ਖਰਚੇ ਕਿਵੇਂ ਪੂਰੇ ਹੁੰਦੇ ਨੇ ? ਦੱਸ ਦੇਈਏ ਕਿ ਬੀਤੇ ਕੱਲ੍ਹ ਬਰਨਾਲਾ ਦੇ ਗਵਾਂਢ ਵਿੱਚ ਮੋਗਾ ਪੁਲਿਸ ਨੇ ਦੋ ਹੋਟਲਾਂ ‘ਚ ਰੇਡ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਅਤੇ ਕਈ ਮਰਦ ਔਰਤਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਹੋਟਲਾਂ ਦੇ ਮਾਲਕਾ ਸੰਚਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ। ਇਸੇ ਤਰ੍ਹਾਂ ਪੰਜਾਬ ‘ਚ ਅਕਸਰ ਕਿਤੇ ਨਾ ਕਿਤੇ ਅਜਿਹੇ ਹੋਟਲਾਂ ‘ਚ ਪੁਲਿਸ ਦੀ ਰੇਡ ਹੁੰਦੀ ਰਹਿੰਦੀ ਹੈ ਪਰੰਤੂ ਬਰਨਾਲਾ ਪੁਲਿਸ ਸ਼ਾਇਦ “ਬਾਲਿਗ ਵਿਅਕਤੀ ਨੂੰ ਕਿਤੇ ਵੀ ਜਾਣ ਆਉਣ ਅਤੇ ਘੁੰਮਣ ਫਿਰਨ ਦੀ ਆਜ਼ਾਦੀ ਦੀਆਂ ਦਲੀਲਾਂ” ਵਿੱਚ ਹੀ ਫਸੀ ਹੋਈ ਨਜ਼ਰ ਆ ਰਹੀ ਹੈ।
ਫੋਟੋ ਕੈਪਸ਼ਨ-ਗੱਲਬਾਤ ਕਰਦੇ ਹੋਏ ਮਾਸਟਰ ਭੋਲਾ ਸਿੰਘ ਅਤੇ ਇੰਦਰਲੋਕ ਕਾਲੋਨੀ ਦੇ ਹੋਰ ਵਸਨੀਕ