ਚੰਡੀਗੜ੍ਹ, 21 ਜੁਲਾਈ, Gee98 news service
–ਛੋਟੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕਰਵਾਉਣ ਸਬੰਧੀ ਹੁਣ ਮਾਪਿਆਂ ਦੀ ਚਿੰਤਾ ਦੂਰ ਹੋ ਜਾਵੇਗੀ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ( UIDAI) ਇਕ ਨਵੀਂ ਯੋਜਨਾ ‘ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਅਗਲੇ ਦੋ ਮਹੀਨਿਆਂ ‘ਚ ਪੜਾਅਵਾਰ ਤਰੀਕੇ ਨਾਲ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕ ਅਪਡੇਟ ਕੀਤੇ ਜਾਣਗੇ। UIDAI ਦੇ ਸੀਈਓ ਭੁਵਨੇਸ਼ ਕੁਮਾਰ ਨੇ ਦੱਸਿਆ ਕਿ ਇਸ ਵੇਲੇ 7 ਕਰੋੜ ਤੋਂ ਵੱਧ ਬੱਚੇ 5 ਸਾਲ ਦੇ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਬਾਇਓਮੈਟ੍ਰਿਕ ਅਪਡੇਟ ਨਹੀਂ ਹੋਇਆ ਜੋ ਕਿ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਤਾ-ਪਿਤਾ ਦੀ ਸਹਿਮਤੀ ਨਾਲ ਸਕੂਲਾਂ ਜ਼ਰੀਏ ਬੱਚਿਆਂ ਦੇ ਬਾਇਓਮੈਟ੍ਰਿਕ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਹਨਾਂ ਦੱਸਿਆ ਕਿ ਇਸ ਸਬੰਧੀ ਹਰੇਕ ਜ਼ਿਲ੍ਹੇ ਵਿੱਚ ਬਾਇਓਮੈਟਰਿਕ ਮਸ਼ੀਨਾਂ ਭੇਜੀਆਂ ਜਾਣਗੀਆਂ ਅਤੇ ਇਹ ਮਸ਼ੀਨਾਂ ਅੱਗੇ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ “ਅਸੀਂ ਵੇਲੇ ਤਕਨਾਲੋਜੀ ਦਾ ਟੈਸਟ ਕਰ ਰਹੇ ਹਾਂ ਅਤੇ ਇਹ 45-60 ਦਿਨਾਂ ਵਿਚ ਤਿਆਰ ਹੋ ਜਾਵੇਗੀ”। ਉਹਨਾਂ ਦੱਸਿਆ ਕਿ 5 ਤੋਂ 7 ਸਾਲ ਦੀ ਉਮਰ ਦਰਮਿਆਨ ਆਧਾਰ ਕਾਰਡ ਸਬੰਧੀ ਲਾਜ਼ਮੀ ਬਾਇਓਮੈਟਰਿਕ ਅਪਡੇਟ ਮੁਕਤ ਹੈ ਅਤੇ ਸੱਤ ਸਾਲ ਤੋਂ ਬਾਅਦ ਅਪਡੇਟ ਲਈ 100 ਰੁਪਏ ਦੀ ਫੀਸ ਲੱਗਦੀ ਹੈ। ਭੁਵਨੇਸ਼ ਕੁਮਾਰ ਨੇ ਅੱਗੇ ਕਿਹਾ, ‘ਅਸੀਂ 15 ਸਾਲ ਦੀ ਉਮਰ ਪੂਰੀ ਕਰ ਚੁੱਕੇ ਬੱਚਿਆਂ ਲਈ ਆਧਾਰ ਕਾਰਡ ਸਬੰਧੀ ਲਾਜ਼ਮੀ ਬਾਇਓਮੈਟਰਿਕ ਅਪਡੇਟ ਲਈ ਸਕੂਲਾਂ ਤੇ ਕਾਲਜਾਂ ਜ਼ਰੀਏ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ।’ ਇਸ ਯੋਜਨਾ ਤਹਿਤ UIDAI ਜ਼ਿਲ੍ਹੇ ‘ਚ ਬਾਇਓਮੈਟ੍ਰਿਕ ਮਸ਼ੀਨਾਂ ਭੇਜੇਗਾ ਜਿਨ੍ਹਾਂ ਨੂੰ ਸਕੂਲਾਂ ‘ਚ ਘੁਮਾਇਆ ਜਾਵੇਗਾ।