ਚੰਡੀਗੜ੍ਹ,14 ਜੁਲਾਈ, Gee98 News service
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਵੱਡਾ ਫੈਸਲਾ ਦਿੰਦੇ ਹੋਏ ਕਿਸੇ ਵੀ ਪਰਿਵਾਰ ਦੀ ਬਾਲਗ ਅਣਵਿਆਹੀ ਧੀ ਨੂੰ ਵੱਡੀ ਵਿੱਤੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਹੁਣ ਅਜਿਹੀਆਂ ਧੀਆਂ ਨੂੰ ਆਪਣੇ ਮਾਪਿਆਂ ਤੋਂ ਗੁਜ਼ਾਰਾ ਭੱਤਾ ਲੈਣ ਦਾ ਹੱਕ ਹੋਵੇਗਾ ਜੋ ਬਾਲਗ ਹਨ ਅਤੇ ਆਤਮ ਨਿਰਭਰ ਨਹੀਂ ਹਨ। ਦੱਸ ਦੇਈਏ ਕਿ ਧੀਆਂ ਨੂੰ ਗੁਜ਼ਾਰਾ ਭੱਤਾ ਦੇਣ ਸਬੰਧੀ ਹੁਣ ਤੱਕ ਸਥਿਤੀ ਇਹ ਸੀ ਕਿ ਇੱਕ ਧੀ ਸਿਰਫ ਤਾਂ ਹੀ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਸੀ ਜੇਕਰ ਉਹ ਨਬਾਲਿਗ ਸੀ ਜਾਂ ਮਾਨਸਿਕ/ਸਰੀਰਕ ਤੌਰ ‘ਤੇ ਅਪਾਹਜ ਸੀ ਪ੍ਰੰਤੂ ਹੁਣ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਬਾਲਗ ਧੀ ਅਣਵਿਆਹੀ ਹੈ ਅਤੇ ਆਤਮ ਨਿਰਭਰ ਨਹੀਂ ਹੈ ਤਾਂ ਉਹ ਵੀ ਆਪਣੇ ਮਾਪਿਆਂ ਤੋਂ ਗੁਜ਼ਾਰਾ ਭੱਤਾ ਮੰਗ ਸਕਦੀ ਹੈ। ਹਾਈਕੋਰਟ ਦੇ ਇਸ ਫੈਸਲੇ ਨੂੰ ਔਰਤਾਂ ਦੇ ਅਧਿਕਾਰਾਂ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਹਾਈ ਕੋਰਟ ‘ਚ ਜਸਟਿਸ ਜਸਪ੍ਰੀਤ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਕਿਸੇ ਪਰਿਵਾਰ ਦੀ ਬਾਲਗ ਧੀ ਨਾ ਤਾਂ ਵਿਆਹੀ ਹੋਈ ਹੈ ਅਤੇ ਨਾ ਹੀ ਸਵੈ ਨਿਰਭਰ ਹੈ ਤਾਂ ਉਸ ਨੂੰ ਆਪਣੇ ਪਿਤਾ ਤੋਂ ਉਦੋਂ ਤੱਕ ਗੁਜ਼ਾਰਾ ਭੱਤਾ ਮਿਲਣਾ ਚਾਹੀਦਾ ਹੈ ਜਦੋਂ ਤੱਕ ਉਹ ਵਿਆਹ ਨਹੀਂ ਕਰ ਲੈਂਦੀ ਜਾਂ ਵਿੱਤੀ ਤੌਰ ‘ਤੇ ਸੁਤੰਤਰ ਨਹੀਂ ਹੋ ਜਾਂਦੀ। ਹਾਈ ਕੋਰਟ ਨੇ ਕਿਹਾ ਹੈ ਕਿ ਅਜਿਹੀਆਂ ਪਟੀਸ਼ਨਾਂ ‘ਤੇ ਪਰਿਵਾਰਿਕ ਅਦਾਲਤਾਂ ਵੀ ਫੈਸਲੇ ਲੈ ਸਕਦੀਆਂ ਹਨ।