ਬਰਨਾਲਾ,13 ਜੁਲਾਈ (ਨਿਰਮਲ ਸਿੰਘ ਪੰਡੋਰੀ )–
ਬਰਨਾਲਾ ਸ਼ਹਿਰ ਵਿੱਚ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ‘ਚ ਇੱਕ ਮਹੱਤਵਪੂਰਨ ਯੋਗਦਾਨ ਪਾਉਂਦੇ ਹੋਏ ਟਰਾਈਡੈਂਟ ਗਰੁੱਪ ਨੇ ਬਰਨਾਲਾ ਪੁਲਿਸ ਨੂੰ 12.50 ਲੱਖ ਦਾ ਚੈੱਕ ਭੇਂਟ ਕੀਤਾ। ਇਹ ਚੈੱਕ ਰੁਪਿੰਦਰ ਗੁਪਤਾ ਵੱਲੋਂ ਸ਼੍ਰੀ ਰਾਜਿੰਦਰ ਗੁਪਤਾ ਦੇ ਪ੍ਰਤਿਨਿਧੀ ਵਜੋਂ ਐਸ.ਐਸ.ਪੀ. ਸ਼੍ਰੀ ਮਹੁੰਮਦ ਸਰਫ਼ਰਾਜ਼ ਆਲਮ ਨੂੰ ਸੌਂਪਿਆ ਗਿਆ। ਇਹ ਰਕਮ ਮੁੱਖ ਤੌਰ ‘ਤੇ ਪੁਲਿਸ ਕੰਟਰੋਲ ਰੂਮ ਬਰਨਾਲਾ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਅਤੇ ਕੰਟਰੋਲ ਲਈ ਇੱਕ ‘ਸਮਾਰਟ ਰੂਮ’ ਦੇ ਵਿਕਾਸ ਲਈ ਵਰਤੀ ਜਾਏਗੀ। ਇਸ ਸਮਾਰਟ ਰੂਮ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਗੈਰ-ਕਾਨੂੰਨੀ ਅਤੇ ਅਣਅਧਿਕਾਰਤ ਗਤੀਵਿਧੀਆਂ ਨੂੰ ਰੋਕਣਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਆਧੁਨਿਕ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ ਨਾਲ ਲੈਸ ਇਹ ਸਮਾਰਟ ਰੂਮ ਪੁਲਿਸ ਨੂੰ ਅਪਰਾਧਾਂ ਨੂੰ ਰੋਕਣ ਅਤੇ ਸ਼ਾਂਤੀ ਤੇ ਵਿਵਸਥਾ ਬਣਾਈ ਰੱਖਣ ਵਿੱਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰੇਗਾ। ਇਹ ਪਹਿਲਕਦਮੀ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਇਸ ਪ੍ਰੋਜੈਕਟ ਲਈ ਪਹਿਲਾਂ ਵੀ 15 ਲੱਖ ਦਾ ਯੋਗਦਾਨ ਦਿੱਤਾ ਗਿਆ ਸੀ। ਇਸ ਤਰ੍ਹਾਂ ਇਹ ਦੂਜਾ ਵੱਡਾ ਯੋਗਦਾਨ ਹੈ, ਜੋ ਟ੍ਰਾਈਡੈਂਟ ਗਰੁੱਪ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।