ਚੰਡੀਗੜ੍ਹ ,13 ਜੁਲਾਈ, Gee98 news service
–ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਹੋਏ ਉਦਘਾਟਨੀ ਸਮਾਗਮਾਂ ਉੱਪਰ ਖਰਚ ਹੋਏ ਪੈਸੇ ਸਕੂਲਾਂ ਨੂੰ ਦੇਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਨਵੀਆਂ ਸ਼ਰਤਾਂ ਲਗਾਉਣ ਤੋਂ ਬਾਅਦ ਅਧਿਆਪਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਾ ਸਮਾਗਮਾਂ ਤੇ ਆਪਣੀ ਜੇਬ ਵਿੱਚੋਂ ਖਰਚ ਕਰਨ ਵਾਲੇ ਅਧਿਆਪਕ ਲੋਟੇ ਲੋਟੇ ਜਿਹੇ ਮਹਿਸੂਸ ਕਰ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਹਨਾਂ ਸਮਾਗਮਾਂ ਲਈ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਪ੍ਰੋਗਰਾਮ ਲਈ ਪ੍ਰਤੀ ਸਕੂਲ 5 ਹਜ਼ਾਰ ਰੁਪਏ, ਹਾਈ ਸਕੂਲ ਨੂੰ 10 ਹਜ਼ਾਰ ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 20 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਣੀ ਸੀ ਅਤੇ ਸਕੂਲ ਵਿਚ ਹਰ ਕੰਮ ਲਈ ਲਗਾਏ ਪੱਥਰ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਪੱਥਰ ਦੇਣੇ ਸਨ।
ਸਕੂਲ ਮੁਖੀਆਂ ਵਲੋਂ ਇਨ੍ਹਾਂ ਸਮਾਗਮਾਂ ਦੇ ਸਕੂਲਾਂ ਵਿਚ ਕੀਤੇ ਕੰਮਾਂ ਲਈ ਪੱਥਰ ਬਣਵਾਏ ਗਏ, ਸਕੂਲਾਂ ਵਿਚ ਟੈਂਟ ਲਗਾਇਆ ਗਿਆ, ਸਾਊਂਡ ਦਾ ਪ੍ਰਬੰਧ ਕੀਤਾ ਗਿਆ ਅਤੇ ਖਾਣ ਪੀਣ ਆਦਿ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਅਤੇ ਇਸ ਸਾਰੇ ਖਰਚ ਦਾ ਭੁਗਤਾਨ ਸਕੂਲ ਮੁਖੀਆਂ ਵਲੋਂ ਆਪਣੀਆਂ ਜੇਬਾਂ ਵਿਚੋਂ ਕੀਤਾ ਗਿਆ। ਕੁਝ ਦਿਨ ਪਹਿਲਾਂ ਵਿਭਾਗ ਵਲੋਂ ਸਿੱਖਿਆ ਕ੍ਰਾਂਤੀ ਦੇ ਹੋਏ ਸਮਾਗਮ ਵਾਲੇ ਸਕੂਲਾਂ ਵਿਚੋਂ ਲੱਗੇ ਪੱਥਰਾਂ ਦੀ ਗਿਣਤੀ ਅਤੇ ਖਰਚ ਬਾਰੇ ਰਿਪੋਰਟ ਮੰਗੀ ਗਈ ਅਤੇ ਸਕੂਲ ਮੁਖੀਆਂ ਵਲੋਂ ਇਹ ਰਿਪੋਰਟ ਦੇ ਦਿੱਤੀ ਗਈ ਅਤੇ ਉਪਰੋਕਤ ਪ੍ਰੋਗਰਾਮਾਂ ਵਿਚ ਆਪਣੇ ਕੋਲੋਂ ਕੀਤੀ ਅਦਾਇਗੀ ਦੇ ਬਿੱਲ ਵੀ ਸੰਬੰਧਿਤ ਦਫ਼ਤਰਾਂ ਵਿਚ ਜਮ੍ਹਾਂ ਕਰਵਾ ਦਿੱਤੇ ਗਏ | ਹੁਣ ਜਦ ਵਿਭਾਗ ਵਲੋਂ ਅਦਾਇਗੀ ਕਰਨੀ ਸੀ ਤਾਂ ਉਨ੍ਹਾਂ ਨਵੇਂ ਹੁਕਮ ਜਾਰੀ ਕਰ ਦਿੱਤੇ ਕਿ ਪਿਛਲੇ ਮਹੀਨਿਆਂ ਵਿਚ ਸਿੱਖਿਆ ਕ੍ਰਾਂਤੀ ਤਹਿਤ ਹੋਏ ਖਰਚੇ ਦੀ ਅਦਾਇਗੀ ਸਿੱਧੀ ਵੈਂਡਰਾਂ ਦੇ ਖਾਤਿਆਂ ਵਿਚ ਕੀਤੀ ਜਾਵੇਗੀ ਜਦਕਿ ਇਸ ਸਬੰਧੀ ਸਕੂਲ ਮੁਖੀਆਂ ਵਲੋਂ ਪਹਿਲਾਂ ਹੀ ਆਪਣੇ ਕੋਲੋਂ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਬਿੱਲ ਪ੍ਰਾਪਤ ਕਰ ਲਏ ਹਨ। ਇਨ੍ਹਾਂ ਹੁਕਮਾਂ ਨਾਲ ਅਧਿਆਪਕ ਵੱਡੀ ਪੱਧਰ ‘ਤੇ ਖੱਜਲ ਖ਼ੁਆਰੀ ਦਾ ਸ਼ਿਕਾਰ ਹੋ ਰਹੇ ਹਨ।
ਅੰਦਰਲੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਸਿੱਖਿਆ ਕ੍ਰਾਂਤੀ ਦੇ ਇਹਨਾਂ ਸਮਾਗਮਾਂ ਤੇ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਪੈਸਿਆਂ ਤੋਂ ਕਿਤੇ ਵੱਧ ਖਰਚਾ ਹੋਇਆ ਹੈ ਜੋ ਅਧਿਆਪਕਾਂ ਨੇ ਆਪਣੀ ਜੇਬ ਵਿੱਚੋਂ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਬਰਨਾਲਾ ਜਿਲੇ ਦੇ ਇੱਕ ਪਿੰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏ ਸਮਾਗਮ ਲਈ ਵਿਭਾਗ ਨੇ 20000 ਦੇਣੇ ਹਨ ਪਰੰਤੂ ਇਸ ਸਮਾਗਮ ਉੱਪਰ 40 ਤੋਂ ਵੱਧ ਖਰਚਾ ਹੋਇਆ ਹੈ। ਇਸ ਤਰ੍ਹਾਂ ਪ੍ਰਾਇਮਰੀ ਅਤੇ ਮਿਡਲ ਸਕੂਲ ਲਈ ਸਿਰਫ਼ 5000 ਰੱਖੇ ਗਏ ਹਨ ਪਰੰਤੂ ਇਹਨਾਂ ਸਕੂਲਾਂ ‘ਚ ਹੋਏ ਸਮਾਗਮਾਂ ਵਿੱਚ 5000 ਤਾਂ ਸਿਰਫ਼ ਮਾਪਿਆਂ ਤੇ ਮਹਿਮਾਨਾਂ ਲਈ ਖਾਣੇ ਪੀਣੇ ਦੇ ਪ੍ਰਬੰਧ ਉਪਰ ਹੀ ਲੱਗਿਆ ਹੈ। ਹੁਣ ਜਦੋਂ ਕਿ ਅਧਿਆਪਕ ਆਪਣੀ ਜੇਬ ਵਿੱਚੋਂ ਖਰਚੇ ਇਹ ਪੈਸੇ ਮਿਲਣ ਦੀ ਉਡੀਕ ਕਰ ਰਹੇ ਹਨ ਤਾਂ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰ ਦਿੱਤੇ ਕਿ ਇਹ ਰਕਮ ਸਿੱਧੀ ਵੈਂਡਰਾਂ ਦੇ ਖਾਤਿਆਂ ਵਿੱਚ ਜਾਵੇਗੀ ਅਤੇ ਫਿਰ ਅਧਿਆਪਕ ਟੈਂਡਰਾਂ (ਦੁਕਾਨਦਾਰਾਂ) ਤੋਂ ਵਾਪਸ ਇਹ ਰਕਮ ਲੈਣ ਲਈ ਚੱਕਰ ਲਗਾਉਣਗੇ ਕਿਉਂਕਿ ਸਾਰੇ ਸਮਾਗਮਾਂ ਦੀ ਪੇਮੈਂਟ ਅਧਿਆਪਕ ਪਹਿਲਾਂ ਕਰ ਚੁੱਕੇ ਹਨ।