ਚੰਡੀਗੜ੍ਹ,14 ਸਤੰਬਰ, Gee98 News service
-ਪੰਜਾਬ ਪੁਲਿਸ ਦੇਸ਼ ਦੀਆਂ ਦਲੇਰ ਫੋਰਸਾਂ ਚੋਂ ਇੱਕ ਮੰਨੀ ਜਾਂਦੀ ਹੈ ਪ੍ਰੰਤੂ ਧੱਕੇਸ਼ਾਹੀ ਦੇ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਅਕਸਰ ਨੰਬਰਾਂ ‘ਚ ਰਹਿੰਦੀ ਹੈ। ਪੁਲਿਸ ਦੀ ਕਿਸੇ ਆਮ ਨਾਗਰਿਕ ਨਾਲ ਧੱਕੇਸ਼ਾਹੀ ਤੇ ਈਰਖਾ ਨਾਲ ਸਬੰਧਿਤ ਇੱਕ ਕੇਸ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਾਹਮਣੇ ਆਇਆ ਜਿੱਥੇ ਹਾਈਕੋਰਟ ਨੇ ਸਖ਼ਤੀ ਕਰਦੇ ਹੋਏ ਕਪੂਰਥਲਾ ਦੇ ਐਸਐਸਪੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ 22 ਜੂਨ 2024 ਦਾ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਹੈ ਜਿੱਥੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਆਪਣੀ ਕਾਰ ਲੈ ਕੇ ਜਾ ਰਿਹਾ ਸੀ, ਪਿੱਛੇ ਤੋਂ ਪੁਲਿਸ ਦੀ ਗੱਡੀ ਆ ਰਹੀ ਸੀ। ਪੁਲਿਸ ਵਾਲਿਆਂ ਨੇ ਰਸਤਾ ਲੈਣ ਲਈ ਹਾਰਨ ਵਜਾਏ ਪ੍ਰੰਤੂ ਰਸਤਾ ਤੰਗ ਹੋਣ ਕਾਰਨ ਲਵਪ੍ਰੀਤ ਸਿੰਘ ਨੂੰ ਰਸਤਾ ਦੇਣ ਵਿੱਚ ਕੁਝ ਸਮਾਂ ਲੱਗਿਆ, ਜਿੱਥੇ ਪੁਲਿਸ ਨੇ ਆਪਣੀ ਗੱਡੀ ਲਵਪ੍ਰੀਤ ਦੀ ਕਾਰ ਤੋਂ ਅੱਗੇ ਕੱਢ ਕੇ ਰੋਕ ਲਈ ਅਤੇ ਉਸ ਨੂੰ ਗੱਡੀ ਸਮੇਤ ਥਾਣੇ ਲੈ ਗਏ। ਦੋ ਦਿਨਾਂ ਤੱਕ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਹੈ। ਦੋ ਦਿਨਾਂ ਬਾਅਦ ਪੁਲਿਸ ਨੇ ਲਵਪ੍ਰੀਤ ਦੇ ਖ਼ਿਲਾਫ਼ 500 ਤੋਂ ਵੱਧ ਨਸ਼ੀਲੇ ਕੈਪਸੂਲ ਰੱਖਣ ਦੇ ਦੋਸ਼ ਵਿੱਚ ਐਨਡੀਪੀਐਸ ਦਾ ਮੁਕੱਦਮਾ ਦਰਜ ਕਰ ਦਿੱਤਾ। ਹੇਠਲੀ ਅਦਾਲਤ ਵੱਲੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਜ਼ਮਾਨਤ ਲਈ ਹਾਈਕੋਰਟ ਦਾ ਰੁੱਖ ਕੀਤਾ ਜਿੱਥੇ ਲਵਪ੍ਰੀਤ ਦੇ ਵਕੀਲ ਨੇ ਅਦਾਲਤ ਨੂੰ ਸਾਰੀ ਕਹਾਣੀ ਦੱਸੀ ਅਤੇ ਕਿਹਾ ਕਿ ਇਹ ਸਿਰਫ਼ ਪੁਲਿਸ ਦੀ ਈਰਖਾ ਦਾ ਮਾਮਲਾ ਹੈ ਅਤੇ ਲਵਪ੍ਰੀਤ ਨੂੰ ਝੂਠਾ ਫਸਾਇਆ ਗਿਆ ਹੈ। ਦਰਅਸਲ ਜਦੋਂ ਅਦਾਲਤ ਵਿੱਚ ਐਫਐਸਐਲ ਦੀ ਰਿਪੋਰਟ ਪੇਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਨਸ਼ੀਲੇ ਕੈਪਸੂਲ ਨਹੀਂ ਸਗੋਂ ਪੈਰਾਸਿਟਾਮੋਲ ਦਾ ਸ਼ਾਲਟ ਸੀ। ਲਵਪ੍ਰੀਤ ਦੇ ਵਕੀਲ ਨੇ ਦਲੀਲਾਂ ਦਿੱਤੀਆਂ ਕਿ ਇਹ ਨਸ਼ੀਲੇ ਕੈਪਸੂਲਾਂ ਦੀ ਕਹਾਣੀ ਪੁਲਿਸ ਨੇ ਖੁਦ ਘੜੀ ਸੀ ਜੋ ਲਵਪ੍ਰੀਤ ਵੱਲੋਂ ਪੁਲਿਸ ਦੀ ਗੱਡੀ ਨੂੰ ਰਸਤਾ ਨਾ ਦੇਣ ਕਰਕੇ ਈਰਖਾ ਵਿੱਚ ਹੀ ਝੂਠੀ ਕਹਾਣੀ ਬਣਾਈ ਗਈ। ਇਸ ਮਾਮਲੇ ਵਿੱਚ ਲਵਪ੍ਰੀਤ ਨੂੰ ਜ਼ਮਾਨਤ ਦਿੰਦੇ ਹੋਏ ਮਾਨਯੋਗ ਹਾਈਕੋਰਟ ਨੇ ਡੀਜੀਪੀ ਪੰਜਾਬ ਨੂੰ ਅਦਾਲਤ ਵਿੱਚ ਹਲਫਨਾਮਾ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ। ਹਾਈਕੋਰਟ ਨੇ ਇਸੇ ਮਾਮਲੇ ‘ਚ 20 ਸਤੰਬਰ ਨੂੰ ਅਗਲੀ ਸੁਣਵਾਈ ਮੌਕੇ ਕਪੂਰਥਲਾ ਦੇ ਐਸਐਸਪੀ ਨੂੰ ਵੀ ਤਲਬ ਕੀਤਾ ਹੈ। ਇਸ ਮਾਮਲੇ ਬਾਰੇ ਜਾਣ ਕੇ ਪੰਜਾਬ ਦੇ ਨਾਗਰਿਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਕਿਸੇ ਵਹੀਕਲ ‘ਤੇ ਜਾ ਰਹੇ ਹੋ ਤੇ ਪੁਲਿਸ ਦੀ ਗੱਡੀ ਪਿੱਛੇ ਆ ਰਹੀ ਹੈ ਤਾਂ ਰਸਤਾ ਦੇਣ ਵਿੱਚ ਦੇਰੀ ਨਾ ਕਰਿਓ, ਨਹੀਂ ਤਾਂ….!
ਫੋਟੋ ਕੈਪਸ਼ਨ-ਫਾਈਲ ਫੋਟੋ