ਚੰਡੀਗੜ੍ਹ,15 ਸਤੰਬਰ, Gee98 news service
-ਕੈਨੇਡਾ ਆਉਣ ਜਾਣ ਵਾਲਿਆਂ ਲਈ ਇਹ ਖ਼ਬਰ ਚਿੰਤਾ ਕਰਨ ਵਾਲੀ ਹੈ। ਏਅਰ ਕੈਨੇਡਾ ਦੇ ਪਾਇਲਟ ਹੜ੍ਹਤਾਲ ਵੱਲ ਵਧ ਰਹੇ ਹਨ। ਏਅਰ ਕੈਨੇਡਾ ਦੀਆਂ ਟਿਕਟਾਂ ਬੁੱਕ ਕਰਵਾ ਚੁੱਕੇ ਯਾਤਰੀਆਂ ਲਈ ਇਹ ਚਿੰਤਾ ਵਾਲੀ ਖ਼ਬਰ ਹੈ। ਏਅਰ ਕੈਨੇਡਾ ਦੇ ਪਾਇਲਟ ਐਤਵਾਰ ਨੂੰ 72 ਘੰਟੇ ਦਾ ਨੋਟਿਸ ਦੇਣ ਲਈ ਅਧਿਕਾਰਤ ਹੋ ਜਾਣਗੇ ਅਤੇ ਜੇ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ ਤਾਂ ਬੁੱਧਵਾਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਮਲੇ ਵਿਚ ਦਖਲ ਦੇਣ ਤੋਂ ਨਾਂਹ ਕਰ ਦਿਤੀ ਹੈ। ਏਅਰ ਕੈਨੇਡਾ ਵੱਲੋਂ ਜਲਦ ਖਰਾਬ ਹੋਣ ਵਾਲੀਆਂ ਚੀਜ਼ਾਂ ਜਾਂ ਜਾਨਵਰਾਂ ਦੀ ਢੋਆ ਢੁਆਈ ਨਾਲ ਸਬੰਧਤ ਕਾਰਗੋ ਲੈਣੇ ਬੰਦ ਕੀਤਾ ਜਾ ਚੁੱਕੇ ਹਨ। ਪਾਇਲਟ ਯੂਨੀਅਨ ਦੀਆਂ ਮੰਗਾਂ ਬਾਰੇ ਏਅਰ ਕੈਨੇਡਾ ਨੇ ਕਿਹਾ ਕਿ ਤਨਖਾਹਾਂ ਵਿਚ ਗੈਰਵਾਜਬ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮੰਗਾਂ ਬਾਰੇ ਲਚੀਲਾ ਰੁਖ ਅਖਤਿਆਰ ਨਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਯੂਨੀਅਨ ਨੇ ਕਿਹਾ ਕਿ ਕਾਰਪੋਰੇਟਸ ਦਾ ਲਾਲਚ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿਉਂਕਿ ਰਿਕਾਰਡ ਮੁਨਾਫ਼ਾ ਹੋਣ ਦੇ ਬਾਵਜੂਦ ਪਾਇਲਟਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹੜਤਾਲ ਦੇ ਖਦਸ਼ੇ ਨੂੰ ਵੇਖਦਿਆਂ ਘਰੇਲੂ ਮੁਸਾਫਰਾਂ ਵੱਲੋਂ ਆਪਣੀਆਂ ਯੋਜਨਾਵਾਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ ਅਤੇ ਉਹ ਜਲਦ ਤੋਂ ਜਲਦ ਕੰਮ ਨਿਬੇੜ ਕੇ ਆਪੋ ਆਪਣੇ ਟਿਕਾਣੇ ‘ਤੇ ਪਹੁੰਚਣ ਦੇ ਯਤਨ ਕਰ ਰਹੇ ਹਨ ਪਰ ਸੱਤ ਸਮੁੰਦਰ ਪਾਰ ਜਾਣ ਵਾਲਿਆਂ ਵਾਸਤੇ ਇਹ ਸੌਖਾ ਨਹੀਂ। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੁਸਾਫਰਾਂ ਦੀ ਖੱਜਲ ਖੁਆਰੀ ਅਤੇ ਕਾਰੋਬਾਰ ਦਾ ਨੁਕਸਾਨ ਰੋਕਣ ਦੀ ਜ਼ਿੰਮੇਵਾਰੀ ਏਅਰ ਕੈਨੇਡਾ ਅਤੇ ਪਾਇਲਟ ਯੂਨੀਅਨ ਦੀ ਬਣਦੀ ਹੈ। ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਪਾਇਲਟਾਂ ਨੂੰ ਕੰਮ ‘ਤੇ ਪਰਤਣ ਲਈ ਮਜਬੂਰ ਕਰਦਾ ਕਾਨੂੰਨ ਲਾਗੂ ਕਰਨਗੇ। ਉਨ੍ਹਾਂ ਅੱਗੇ ਕਿਹਾ, ”ਹਰ ਵਾਰ ਜਦੋਂ ਹੜਤਾਲ ਹੋਣ ਲਗਦੀ ਹੈ ਤਾਂ ਸਾਰੀਆਂ ਧਿਰਾਂ ਸਮੱਸਿਆ ਸੁਲਝਾਉਣ ਲਈ ਸਰਕਾਰ ਵੱਲ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ ਪਰ ਅਸੀਂ ਅਜਿਹਾ ਕੁਝ ਨਹੀਂ ਕਰਾਂਗੇ।” ਟਰੂਡੇ ਨੇ ਅੱਗੇ ਕਿਹਾ ਕਿ ਕੈਨੇਡੀਅਨ ਅਰਥਚਾਰੇ ਦੀ ਹਿਫ਼ਾਜ਼ਤ ਸਾਡੀ ਜ਼ਿੰਮੇਵਾਰੀ ਹੈ ਪਰ ਯੂਨੀਅਨਾਂ ਅਤੇ ਇੰਪਲੌਇਰਜ਼ ਨੂੰ ਵੀ ਕੁੱਝ ਪਤਾ ਲੱਗਣਾ ਚਾਹੀਦਾ ਹੈ ਜੋ ਅਕਸਰ ਹੀ ਲੋਕਾਂ ਨੂੰ ਵਖਤ ਪਾਈ ਰਖਦੇ ਹਨ। ਪ੍ਰਧਾਨ ਮੰਤਰੀ ਦੇ ਬਿਆਨਾਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਏਅਰ ਕੈਨੇਡਾ ਦੇ ਪਾਇਲਟਾਂ ਦੀ ਹੜ੍ਹਤਾਲ ਹੋ ਕੇ ਰਹੇਗੀ ਜਿਸ ਨਾਲ ਯਾਤਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।