ਚੰਡੀਗੜ੍ਹ 23 ਜੁਲਾਈ- ਇੱਕ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ 13 ਕੁ ਵਰ੍ਹਿਆਂ ਦੀ ਲੜਕੀ ਨਾਲ ਛੇੜਛਾੜ ਦਾ ਮੁਕੱਦਮਾ ਦਰਜ ਹੋਇਆ ਹੈ। ਪੁਲਿਸ ਨੇ 65 ਵਰ੍ਹਿਆਂ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਦੇ ਖੇਤਰ ਦੀ ਹੈ ਜਿੱਥੇ ਪਿੰਡ ਦੇ ਗੁਰਦੁਆਰੇ ‘ਚ ਲੜਕੀ ਮੱਥਾ ਟੇਕਣ ਗਈ ਤਾਂ ਪ੍ਰਧਾਨ ਸਕੱਤਰ ਸਿੰਘ ਨੇ ਲੜਕੀ ਨੂੰ ਇਕੱਲੀ ਦੇਖ ਕੇ ਆਪਣੇ ਕੋਲ ਬੁਲਾਇਆ ਤੇ ਗੱਲਾਂ ਵਿੱਚ ਉਲਝਾ ਕੇ ਆਪਣੇ ਕਮਰੇ ਵਿੱਚ ਲੈ ਗਿਆ, ਜਿੱਥੇ ਉਸਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ । ਕਿਸੇ ਤਰੀਕੇ ਨਾਲ ਲੜਕੀ ਬਚ ਕੇ ਭੱਜ ਕੇ ਆਪਣੇ ਘਰ ਪੁੱਜੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਪਰਿਵਾਰ ਨੇ ਮਾਮਲਾ ਪੁਲਸ ਦੇ ਧਿਆਨ ਵਿੱਚ ਲਿਆਂਦਾ। ਡੀਐਸਪੀ ਗੜਸ਼ੰਕਰ ਬਲਕਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਸਕੱਤਰ ਸਿੰਘ ਦੇ ਖਿਲਾਫ਼ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
