-ਆਉਟਸੋਰਸ ਨੀਤੀ ਰਾਹੀਂ ਸੇਵਾਮੁਕਤ ਮੁਲਾਜ਼ਮਾਂ ਨੂੰ ਰੱਖਿਆ ਜਾਵੇਗਾ
ਚੰਡੀਗੜ੍ਹ 12 ਜੁਲਾਈ-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸੂਬੇ ਦੇ ਸਰਕਾਰੀ ਸਕੂਲਾਂ ‘ਚ ਕੈਂਪਸ ਮੈਨੇਜਰ ਭਰਤੀ ਕੀਤੇ ਜਾਣ ਦੀ ਤਜਵੀਜ਼ ਦਾ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਹੈ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਖਾਲੀ ਪਈਆਂ ਨਾਨ ਟੀਚਿੰਗ ਦੀਆਂ ਅਸਾਮੀਆਂ ‘ਤੇ ਪੱਕੀ ਭਰਤੀ ਕਰਨ ਦੀ ਬਜਾਏ ਆਊਟਸੋਰਸ ਨੀਤੀ ਰਾਹੀਂ ਮੁਲਾਜ਼ਮ ਭਰਤੀ ਕਰਕੇ ਡੰਗ ਟਪਾਉਣਾ ਚਾਹੁੰਦੀ ਹੈ । ਆਗੂਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੱਚੇ ਅਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਆਪਣੇ ਇਸ ਵਾਅਦੇ ‘ਤੇ ਅਮਲ ਕਰਨ ਦੀ ਬਜਾਏ ਸਰਕਾਰ ਆਊਟਸੋਰਸ ਰਾਹੀਂ ਹੋਰ ਮੁਲਾਜ਼ਮ ਭਰਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਆਊਟਸੋਰਸ ਨੀਤੀ ਨੂੰ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਢੇ ਦੱਸ ਰਹੀ ਸੀ ਉਹੀ ਪਾਰਟੀ ਹੁਣ ਬੇਰੁਜ਼ਗਾਰਾਂ ਦੇ ਰਾਹ ‘ਚ ਨਵੇਂ ਕੰਡੇ ਬੀਜ ਰਹੀ ਹੈ। ਆਗੂਆਂ ਨੇ ਸਵਾਲ ਕੀਤਾ ਕਿ ਜਦੋਂ ਸੂਬੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਵੱਡੀ ਗਿਣਤੀ ਹੈ ਤਾਂ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਵਾਰ ਵਾਰ ਭਰਤੀ ਕਿਉਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਮੁਕਤੀ ਦਿਵਾਉਣ ਦੇ ਨਾਮ ‘ਤੇ ਕੇਂਦਰ ਸਰਕਾਰ, ਰਾਜ ਸਰਕਾਰ ਜਾਂ ਸਥਾਨਕ ਸਰਕਾਰਾਂ ਵਿੱਚੋਂ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਆਊਟਸੋਰਸਿੰਗ ਨੀਤੀ ਤਹਿਤ ਭਰਤੀ ਕਰਨ ਦਾ ਫੈਸਲਾ ਕੀਤਾ ਹੈ।ਸੇਵਾਮੁਕਤ ਮੁਲਾਜ਼ਮਾਂ ਦੀ ਇਸ ਅਸਾਮੀ ਨੂੰ ਕੈਂਪਸ ਮੈਨੇਜਰ ਦਾ ਨਾਮ ਦਿੱਤਾ ਗਿਆ ਹੈ । ਚਰਚਾ ਇਹ ਵੀ ਹੈ ਕਿ ਇਹ ਕੈਂਪਸ ਮੈਨੇਜਰ ਸਰਕਾਰੀ ਸਕੂਲਾਂ ਦੇ ਓਵਰਆਲ ਇੰਚਾਰਜ ਹੀ ਹੋਣਗੇ । ਚੇਤੇ ਰਹੇ ਕਿ ਪੰਜਾਬ ਸਰਕਾਰ ਕੁਝ ਮਹੀਨੇ ਪਹਿਲਾਂ ਸੇਵਾਮੁਕਤ ਪਟਵਾਰੀਆਂ ਦੀ ਦੁਬਾਰਾ ਭਰਤੀ ਕਰ ਚੁੱਕੀ ਹੈ।