ਬਰਨਾਲਾ 11 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਸ਼ਹਿਰ ਦੇ LIC ਫੁਹਾਰਾ ਚੌਂਕ ਤੋਂ ਨੂਰ ਚੌਂਕ ਤੱਕ ਸੜਕ ਦੇ ਵੱਡੇ-ਵੱਡੇ ਖੱਡਿਆਂ ਤੋਂ ਲੋਕਾਂ ਨੂੰ ਨਿਜਾਤ ਮਿਲਣ ਦੇ ਅਸਾਰ ਬਣੇ ਹਨ । ਵੈਸੇ ਇਸ ਸੜਕ ਦੀ ਜ਼ਿਆਦਾ ਮਾੜੀ ਹਾਲਤ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਚੌਂਕ ਤੱਕ ਹੀ ਹੈ । ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਨੇ ਦੱਸਿਆ ਕਿ ਇਸ ਸੜਕ ਲਈ ਵਿਸ਼ੇਸ਼ ਗ੍ਰਾਂਟ ਜਲਦ ਜਾਰੀ ਹੋਵੇਗੀ, ਜਿਸ ਨਾਲ ਸੜਕ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋ ਇਸ ਸੜਕ ਦੀ ਲਈ ਵਿਸ਼ੇਸ਼ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਇਸ ਸੜਕ ਦੇ ਵੱਡੇ-ਵੱਡੇ ਟੋਏ ਕਈ ਵਰ੍ਹਿਆਂ ਤੋਂ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ । ਇਸ ਸੜਕ ਦੀ ਬਦਤਰ ਹਾਲਤ ਦੀਆਂ ਮੀਡੀਆ ਰਿਪੋਰਟਾਂ ਅਕਸਰ ਜ਼ਿਲਾ ਪ੍ਰਸ਼ਾਸ਼ਨ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਲਈ ਨਮੋਸ਼ੀ ਦਾ ਕਾਰਨ ਬਣਦੀਆਂ ਰਹਿੰਦੀਆਂ ਹਨ ਪਰੰਤੂ ਹੁਣ ਜਦੋਂ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੇ ਖ਼ੁਦ ਦਾਅਵਾ ਕੀਤਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਇਸ ਸੜਕ ਦੀ ਕਾਇਆ ਕਲਪ ਦੇ ਰੂਪ ‘ਚ ਊਠ ਦਾ ਬੁੱਲ੍ਹ ਜਲਦੀ ਡਿੱਗ ਸਕਦਾ ਹੈ ।
