ਲੁਧਿਆਣਾ,8 ਜੁਲਾਈ ( Gee98 news service)-
ਲੁਧਿਆਣਾ ਦੇ ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ ਵਿੱਚ ਬੀਤੇ ਕੱਲ ਹੋਏ ਤੀਹਰੇ ਕਤਲਕਾਂਡ ਨਾਲ ਸਬੰਧਿਤ ਦਰਦਨਾਕ ਕਹਾਣੀ ਸਾਹਮਣੇ ਆਈ ਹੈ । ਪੁਲਿਸ ਨੇ ਇਸ ਕਤਲ ਕਾਂਡ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦਰਅਸਲ, ਗਵਾਂਢੀਆਂ ਦੇ ਬੇਔਲਾਦ ਮੁੰਡੇ ਨੂੰ ਬੱਚਾ ਗੋਦ ਲੈਣ ਦੀ ਬਿਨ ਮੰਗਿਆ ਦਿੱਤੀ ਸਲਾਹ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਦਾ ਕਾਰਨ ਬਣ ਗਈ । ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀ ਰੌਬਿਨ ਦੇ ਵਿਆਹ ਤੋਂ ਕਈ ਸਾਲ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੋਇਆ । ਤੀਹਰੇ ਕਤਲ ਕਾਂਡ ਵਿੱਚ ਮਾਰੀ ਗਈ ਰੌਬਿਨ ਦੀ ਗੁਆਂਢਣ ਸੁਰਿੰਦਰ ਕੌਰ ਅਕਸਰ ਰੌਬਿਨ ਨੂੰ ਉਸ ਦੀ ਪਤਨੀ ਦੇ ਸਾਹਮਣੇ ਹੀ ਬੱਚਾ ਗੋਦ ਲੈਣ ਲਈ ਕਹਿੰਦੀ ਰਹਿੰਦੀ ਸੀ । ਸੁਰਿੰਦਰ ਕੌਰ ਵਾਰ-ਵਾਰ ਰੌਬਿਨ ਨੂੰ ਬੱਚਾ ਗੋਦ ਲੈਣ ਦੀ ਸਲਾਹ ਦਿੰਦੀ ਸੀ ਤਾਂ ਰੌਬਿਨ ਨੂੰ ਇਹ ਆਪਣੀ ਬੇਇੱਜ਼ਤੀ ਲੱਗਦੀ ਸੀ ਅਤੇ ਉਹ ਆਪਣੀ ਪਤਨੀ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਪਿਆ ਅਤੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਉਣ ਲੱਗਿਆ । ਘਟਨਾ ਸਮੇਂ ਵੀ ਰੌਬਿਨ ਆਪਣੇ ਘਰ ਦੀ ਛੱਤ ‘ਤੇ ਪੰਛੀਆਂ ਨੂੰ ਚੋਗਾ ਪਾਉਣ ਲਈ ਗਿਆ ਤਾਂ ਅਚਾਨਕ ਉੱਥੇ ਸੁਰਿੰਦਰ ਕੌਰ ਦੀ ਆ ਗਈ ਅਤੇ ਉਸਨੇ ਉਹੀ ਬੱਚਾ ਗੋਦ ਲੈਣ ਦੀ ਗੱਲ ਫੇਰ ਦੁਹਰਾ ਦਿੱਤੀ, ਜਿਸ ਤੋਂ ਰੌਬਿਨ ਗੁੱਸੇ ਵਿੱਚ ਆ ਗਿਆ ਅਤੇ ਆਪਣੇ ਘਰ ਜਾ ਕੇ ਸੁਰਿੰਦਰ ਕੌਰ ਨੂੰ ਮਾਰਨ ਲਈ ਹਥੌੜਾ ਚੁੱਕ ਲਿਆਇਆ ।

ਰੌਬਿਨ ਨੇ ਸੁਰਿੰਦਰ ਕੌਰ ਦੇ ਕਮਰੇ ਵਿੱਚ ਜਾ ਕੇ ਹਥੌੜੇ ਨਾਲ ਹਮਲਾ ਕੀਤਾ ਤਾਂ ਸੁਰਿੰਦਰ ਕੌਰ ਦੀਆਂ ਚੀਕਾਂ ਸੁਣਕੇ ਉਸਦਾ ਪਤੀ ਚਮਨ ਲਾਲ ਵੀ ਆ ਗਿਆ ਤਾਂ ਰੌਬਿਨ ਨੇ ਚਮਨ ਲਾਲ ‘ਤੇ ਵੀ ਹਮਲਾ ਕਰ ਦਿੱਤਾ । ਦੋਵਾਂ ਨੂੰ ਕਮਰੇ ਵਿੱਚ ਤੜਫ਼ਦੇ ਛੱਡ ਕੇ ਜਿਵੇਂ ਹੀ ਰੌਬਿਨ ਬਾਹਰ ਨਿੱਕਲਿਆ ਤਾਂ ਅੱਗੇ ਚਮਨ ਲਾਲ ਦੀ ਮਾਤਾ ਬਚਨ ਕੌਰ ਨਾਲ ਦੇ ਕਮਰੇ ਵਿੱਚ ਜਾਗ ਪਈ ਤਾਂ ਰੋਬਿਨ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਤੇ ਤਿੰਨਾਂ ਨੂੰ ਇੱਕੋ ਜਗ੍ਹਾ ਇਕੱਠੇ ਕਰ ਦਿੱਤਾ। ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਸਬੂਤ ਮਿਟਾਉਣ ਲਈ ਰੌਬਿਨ ਨੇ ਗੈਸ ਸਿਲੰਡਰ ਖੁੱਲ੍ਹਾ ਕਰ ਦਿੱਤਾ। ਕਤਲ ਨੂੰ ਹਾਦਸਾ ਬਣਾਉਣ ਦੀ ਨੀਅਤ ਨਾਲ ਉਸ ਨੇ ਰਸੋਈ ਗੈਸ ਦੀ ਪਾਈਪ ਲੀਕ ਕਰਕੇ ਅਗਰਬੱਤੀ ਬਾਲ ਦਿੱਤੀ। ਅਗਲੇ ਦਿਨ ਤੱਕ ਲਾਸ਼ਾਂ ਮਿਲਣ ਤੱਕ ਮੁਲਜ਼ਮ ਘਰ ਦੇ ਆਲੇ ਦੁਆਲੇ ਹੀ ਘੁੰਮਦਾ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੇ ਘਟਨਾ ਦੀ ਗੁੱਥੀ ਸੁਲਝਾਉਂਦਿਆਂ ਵਾਰਦਾਤ ਦੌਰਾਨ ਵਰਤਿਆ ਸਮਾਨ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਨੂੰ ਅਪੀਲ ਕਰਾਂਗੇ ਕਿ ਅਜਿਹੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਜ਼ਿਕਰਯੋਗ ਹੈ ਕਿ ਬਜ਼ੁਰਗ ਚਮਨ ਲਾਲ ਉਸਦੀ ਪਤਨੀ ਸੁਰਿੰਦਰ ਕੌਰ ਅਤੇ ਮਾਤਾ ਬਚਨ ਕੌਰ ਲੁਧਿਆਣਾ ਰਹਿੰਦੇ ਸਨ। ਜਦਕਿ ਇਹਨਾਂ ਦੇ 4 ਪੁੱਤਰ ਵੱਖ-ਵੱਖ ਥਾਵਾਂ ‘ਤੇ ਵਿਦੇਸ਼ਾਂ ਵਿੱਚ ਰਹਿ ਰਹੇ ਹਨ।