ਚੰਡੀਗੜ੍ਹ,15 ਜੂਨ-ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਸਰਕਾਰ ਵੱਲੋਂ 19-20 ਜੂਨ ਨੂੰ ਬੁਲਾਏ ਜਾ ਰਹੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇਣ ਸਬੰਧੀ ਇਕ ਵਾਰ ਫੇਰ “ਨਾਂਹ-ਨੁੱਕਰ” ਵਾਲਾ ਰਵੱਈਆ ਧਾਰਨ ਕਰ ਲਿਆ ਹੈ । ਗਵਰਨਰ ਨੇ ਇਕ ਚਿੱਠੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖ ਕੇ ਪੁੱਛਿਆ ਹੈ ਕਿ ‘ਪਹਿਲਾਂ ਇਹ ਦੱਸਿਆ ਜਾਵੇ ਕਿ ਇਜਲਾਸ ਦਾ ਏਜੰਡਾ ਕੀ ਹੈ’ । ਗਵਰਨਰ ਨੇ ਇਹ ਵੀ ਲਿਖਿਆ ਹੈ ਕਿ ਕੁਝ ਧਿਰਾਂ ਨੇ ਇਤਰਾਜ਼ ਕੀਤਾ ਹੈ ਕਿ ਬਿਨਾਂ ਏਜੰਡੇ ਤੋ ਇਜਲਾਸ ਨਹੀਂ ਬੁਲਾਇਆ ਜਾ ਸਕਦਾ ਇਸ ਲਈ ਪਹਿਲਾਂ ਏਜੰਡਾ ਤੈਅ ਕੀਤਾ ਜਾਵੇ । ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ 19-20 ਜੂਨ ਨੂੰ ਬੁਲਾਏ ਵਿਸ਼ੇਸ਼ ਇਜਲਾਸ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਫੰਡ ਰੋਕੇ ਜਾਣ ਕਰਕੇ ਕੇਂਦਰ ਦੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ, ਮੰਨਿਆ ਜਾ ਰਿਹਾ ਹੈ ਕਿ ਇਸੇ ਕਰਕੇ ਹੀ ਰਾਜਪਾਲ ਨੇ ਇਜਲਾਸ ਦਾ ਏਜੰਡਾ ਤੈਅ ਕਰਨ ਲਈ ਸਪੀਕਰ ਨੂੰ ਚਿੱਠੀ ਲਿਖੀ ਹੈ । ਦੱਸਣਯੋਗ ਹੈ ਕਿ ਅੱਜਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਦੇ ਵਿਚਕਾਰ “ਪ੍ਰਸ਼ਾਸਨਿਕ ਸ਼ਰੀਕਪੁਣਾ” ਸਿਖਰਾਂ ‘ਤੇ ਹੈ ।