ਬਰਨਾਲਾ 14 ਜੂਨ ( ਨਿਰਮਲ ਸਿੰਘ ਪੰਡੋਰੀ )-
ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਈ ਕੈਸ਼ ਕੰਪਨੀ ਵਿੱਚ ਕਰੋੜਾਂ ਰੁਪਏ ਦੀ ਲੁੱਟ ਦੇ ਸੁਰਾਗ ਬਰਨਾਲਾ ਤੱਕ ਆ ਪੁੱਜੇ ਹਨ । ਲੁਧਿਆਣਾ ਪੁਲਿਸ ਨੇ ਬਰਨਾਲਾ ਤੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਨਕਦੀ ਵੀ ਬਰਾਮਦ ਕੀਤੀ ਹੈ,ਜੋ ਲੁੱਟੀ ਗਈ ਸੀ । ਕੈਸ਼ ਕੰਪਨੀ ਤੋਂ ਕਰੋੜਾਂ ਦੇ ਡਾਕੇ ਦੀ ਮਾਸਟਰਮਾਈਂਡ ਮਨਦੀਪ ਕੌਰ ਬਰਨਾਲਾ ਦੀ ਨੂੰਹ ਦੱਸੀ ਜਾ ਰਹੀ ਹੈ ਜਿਸ ਦਾ ਸਹੁਰਾ ਘਰ ਬਰਨਾਲਾ ਤੋਂ ਸੰਘੇੜਾ ਰੋਡ ‘ਤੇ ਸਾਹਿਬ ਸਿੰਘ ਨਗਰ ਵਿੱਚ ਹੈ । ਮਨਦੀਪ ਕੌਰ ਦਾ ਸਹੁਰਾ ਮਹਿੰਦਰ ਸਿੰਘ ਉਸਾਰੀ ਮਿਸਤਰੀ ਦਾ ਕੰਮ ਕਰਦਾ ਹੈ । ਉਸਦਾ ਪਤੀ ਜਸਵਿੰਦਰ ਸਿੰਘ ਵੀ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਹੈ । ਮਨਦੀਪ ਕੌਰ ਦਾ ਪੇਕਾ ਪਿੰਡ ਡੇਹਲੋਂ ਦੱਸਿਆ ਜਾ ਰਿਹਾ ਹੈ,ਅਜੇ ਕੁਝ ਮਹੀਨੇ ਪਹਿਲਾਂ ਹੀ ਮਨਦੀਪ ਕੌਰ ਦੀ ਜਸਵਿੰਦਰ ਸਿੰਘ ਨਾਲ “ਲਵ-ਮੈਰਿਜ” ਹੋਈ ਸੀ । ਮੁਹੱਲੇ ਦੇ ਕੁਝ ਲੋਕਾਂ ਨੇ ਦੱਸਿਆ ਅਤੇ ਮਨਦੀਪ ਕੌਰ ਵਿਆਹ ਤੋ ਬਾਅਦ ਇੱਥੇ ਘੱਟ ਹੀ ਆਉਂਦੀ ਸੀ ਪ੍ਰੰਤੂ ਲੋਕਾਂ ਨੇ ਮਨਦੀਪ ਕੌਰ ਦੇ ਨਵਾਬਾਂ ਵਾਲੇ ਠਾਠ ਦੀ ਪੁਸ਼ਟੀ ਕੀਤੀ ਹੈ ।

ਲੁਧਿਆਣਾ ਦੀ CIA -2 ਦੀ ਟੀਮ ਨੇ ਮਨਦੀਪ ਕੌਰ ਦੇ ਸਹੁਰੇ ਘਰੋਂ ਉਸ ਦੇ ਭਰਾ ਹਰਪ੍ਰੀਤ ਸਿੰਘ ਨੂੰ 25 ਲੱਖ ਦੀ ਲੁੱਟ ਦੀ ਰਕਮ ਸਣੇ ਕਾਬੂ ਕੀਤਾ ਅਤੇ ਉਸਦੀ ਨਿਸ਼ਾਨਦੇਹੀ ‘ਤੇ ਬਰਨਾਲਾ ਤੋਂ ਹੀ ਲੁੱਟ ਦੀ ਵਾਰਦਾਤ ਵਿੱਚ ਵਰਤੀ ਗਈ ਗੱਡੀ ਨੰਬਰ PB 13BK 1818 ਮਾਰਕਾ ਸੈਵਰਲੋ ਕਰੂਜ਼ ਵੀ ਬਰਾਮਦ ਕੀਤੀ । ਇਹ ਗੱਡੀ ਹਰਪ੍ਰੀਤ ਸਿੰਘ ਦੀ ਭੈਣ ਅਤੇ ਲੁੱਟ ਮਾਸਟਰਮਾਈਂਡ ਮਨਦੀਪ ਕੌਰ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੇ ਹੋਰ ਦੋਸ਼ੀਆਂ ਨਾਲ ਹਮਮਸ਼ਵਰਾ ਹੋ ਕੇ ਅਰੁਣ ਕੁਮਾਰ ਉਰਫ ਕੋਚ ਦੇ ਘਰ ਕੋਲ ਤਰਪਾਲ ਨਾਲ ਢੱਕ ਕੇ ਖੜ੍ਹੀ ਕੀਤੀ ਸੀ। ਪੁਲਿਸ ਪਾਰਟੀ ਨੇ ਇਸ ਗੱਡੀ ਵਿਚੋਂ ਦੋ ਕਰੋੜ 25 ਲੱਖ 700 ਰੁਪਏ ਵੀ ਬਰਾਮਦ ਕੀਤੇ ।

ਜ਼ਿਕਰਯੋਗ ਹੈ ਕਿ ਕੈਸ਼ ਕੰਪਨੀ ਵਿਚ 8.49 ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 5 ਕਰੋੜ ਦੀ ਰਕਮ ਵੀ ਬਰਾਮਦ ਕੀਤੀ ਹੈ । ਪ੍ਰੈੱਸ ਕਾਨਫਰੰਸ ਦੌਰਾਨ ਲੁਧਿਆਣਾ ਦੇ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁੱਟ ਦੀ ਕਹਾਣੀ ਵਿੱਚ ਕੰਪਨੀ ਦਾ ਹੀ ਡਰਾਇਵਰ ਮਨਜਿੰਦਰ ਸਿੰਘ ਮਨੀ ਅਤੇ ਇੱਕ ਡਾਕੂ ਹਸੀਨਾ ਮਨਦੀਪ ਕੌਰ ਮਾਸਟਰਮਾਈਂਡ ਵਜੋਂ ਸਾਹਮਣੇ ਆਏ ਹਨ । ਇਸ ਲੁੱਟ ਦੀ ਯੋਜਨਾ ਪਿਛਲੇ ਪੰਜ ਮਹੀਨਿਆਂ ਤੋਂ ਤਿਆਰ ਕੀਤੀ ਜਾ ਰਹੀ ਸੀ । ਇਸ ਲੁੱਟ ਵਿੱਚ ਸ਼ਾਮਲ 10 ਲੁਟੇਰਿਆਂ ਵਿਚੋਂ ਕਿਸੇ ਨੇ ਵੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕੀਤੀ । ਡਾਕੇ ਦੀ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਦੇ ਭਰਾ ਨੇ ਇੰਸਟਾਗ੍ਰਾਮ ਅਕਾਊਂਂਟ ‘ਤੇ ਨੋਟਾਂ ਨਾਲ ਆਪਣੀ ਸਟੋਰੀ ਅਪਲੋਡ ਕੀਤੀ, ਇਸ ਸਟੋਰੀ ਨੇ ਪੁਲਿਸ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕੀਤਾ । ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੀ ਰਕਮ ਸਬੰਧੀ ਕੰਪਨੀ ਅਤੇ ਲੁਟੇਰਿਆਂ ਦੇ ਬਿਆਨਾਂ ਵਿੱਚ ਫਰਕ ਹੈ, ਜਦ ਸਾਰੇ ਲੁਟੇਰੇ ਕਵਰ ਹੋ ਜਾਣਗੇ ਫੇਰ ਹੀ ਅਸਲ ਰਕਮ ਦਾ ਪਤਾ ਲੱਗੇਗਾ । ਜਾਂਚ ਦੌਰਾਨ ਪੁਲਿਸ ਨੂੰ ਕੈਸ਼ ਵੈਨ ਦੇ ਡਰਾਈਵਰ ‘ਤੇ ਸ਼ੱਕ ਹੋਇਆ ਅਤੇ ਇਹ ਸ਼ੱਕ ਸਹੀ ਨਿਕਲਿਆ ਜਿਸ ਤੋਂ ਬਾਅਦ ਪੁਲਿਸ ਨੇ ਇਸੇ ਸ਼ੱਕ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾਇਆ ।

ਪੁਲਿਸ ਨੇ ਮੁੱਲਾਂਪੁਰ ਲਾਗੇ ਪਿੰਡ ਪੰਡੋਰੀ ਤੋਂ 3 ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਹੱਥ ਇਹ ਵੱਡੀ ਸਫ਼ਲਤਾ ਲੱਗੀ । ਇਸ ਡਾਕੇ ਦੀ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਫਰਾਰ ਹੈ ਜਿਸਦੇ ਖ਼ਿਲਾਫ਼ ਪੁਲਿਸ ਨੇ ਸਰਕੂਲਰ ਨੋਟਿਸ ਜਾਰੀ ਕਰ ਦਿੱਤਾ ਹੈ । ਇਸ ਡਾਕੇ ਦੀ ਯੋਜਨਾ ਸ਼ੁੱਕਰਵਾਰ ਨੂੰ ਇਸ ਕਰਕੇ ਬਣਾਈ ਗਈ ਕਿਉਂਕਿ ਮਨਜਿੰਦਰ ਮਨੀ ਨੂੰ ਪਤਾ ਸੀ ਕਿ ਸ਼ਨੀਵਾਰ-ਐਤਵਾਰ ATM ਵਿੱਚ ਕੈਸ਼ ਨਹੀਂ ਪਾਇਆ ਜਾਂਦਾ ਹੈ ਇਸ ਲਈ ਸ਼ੁਕਰਵਾਰ ਨੂੰ ਕੈਸ਼ ਜ਼ਿਆਦਾ ਹੁੰਦਾ ਹੈ। ਕੰਪਨੀ ਦਾ ਮੁਲਾਜ਼ਮ ਹੋਣ ਦੇ ਨਾਤੇ ਮਨਜਿੰਦਰ ਮਨੀ ਨੂੰ ਪੂਰੀ ਜਾਣਕਾਰੀ ਸੀ ਕਿ ਕੈਸ਼ ਕਿਹੜੇ ਹਲਾਤਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਕਿੱਥੇ ਕਮਜ਼ੋਰ ਪੁਆਇੰਟ ਹਨ । ਮਨਜਿੰਦਰ ਸਿੰਘ ਮਨੀ ਨੇ ਹੀ ਮਨਦੀਪ ਕੌਰ ਨੂੰ ਨਾਲ ਲੈ ਕੇ ਇਸ ਡਾਕੇ ਦੀ ਯੋਜਨਾ ਬਣਾਈ ਹੈ ਅਤੇ ਬਾਕੀ ਲੁਟੇਰਿਆਂ ਨੂੰ ਜਲਦੀ ਅਮੀਰ ਹੋਣ ਦੇ ਸੁਪਨੇ ਦਿਖਾ ਕੇ ਆਪਣੇ ਨਾਲ ਰਲਾਇਆ । ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਬਾਕੀ ਲੁਟੇਰਿਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।
