ਬਰਨਾਲਾ 2 ਜੂਨ ( ਨਿਰਮਲ ਸਿੰਘ ਪੰਡੋਰੀ )-
ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਅੱਜ ਸੰਤ ਬਾਬਾ ਅਤਰ ਸਿੰਘ ਸਰਕਾਰੀ ਪਾਲੀਟੈਕਨਿਕ ਕਾਲਜ, ਬਡਬਰ (ਬਰਨਾਲਾ) ਦਾ ਦਾਖਲਿਆਂ ਸਬੰਧੀ ਪੋਸਟਰ ਜਾਰੀ ਕੀਤਾ। ਇਸ ਮੌਕੇ ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਤਕਨੀਕੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਆਉਣ ਵਾਲੇ ਸਮੇਂ ਦੇ ਸਾਇੰਸਦਾਨ ਹੁੰਦੇ ਹਨ। ਇਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਰਾਹੀਂ ਲਾਭ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਆਪਣੀ ਪੜ੍ਹਾਈ ਬਾਖੂਬੀ ਕਰ ਸਕਣ। ਉਨ੍ਹਾਂ ਦੱਸਿਆ ਕਿ ਦਸਵੀਂ ਪਾਸ ਵਿਦਿਆਰਥੀ ਤਕਨੀਕੀ ਸਿੱਖਿਆ ਨੂੰ ਤਰਜੀਹ ਦੇਣ ਅਤੇ ਮੁੱਖ ਮੰਤਰੀ ਵਜ਼ੀਫਾ ਸਕੀਮ ਸਮੇਤ ਹੋਰ ਵਜ਼ੀਫਿਆਂ ਦਾ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਸਿਵਲ ਇੰਜਨੀਅਰਿੰਗ ਅਤੇ ਮਕੈਨੀਕਲ ਇੰਜਨੀਅਰਿੰਗ ਦੇ ਡਿਪਲੋਮਾ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਦਸਵੀਂ ਪਾਸ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਵਜ਼ੀਫਾ ਯੋਜਨਾ ਵਿੱਚ ਵਿਦਿਆਰਥੀਆਂ ਨੂੰ 70 ਫੀਸਦੀ ਤੋਂ 100 ਫੀਸਦੀ ਤੱਕ ਦੀ ਟਿਊਸ਼ਨ ਫੀਸ ਵਿੱਚ ਛੋਟ ਮਿਲ ਜਾਂਦੀ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਢਾਈ ਲੱਖ ਤੋਂ ਘੱਟ ਹੈ, ਦੀ ਸਾਰੀ ਫੀਸ ਮੁਆਫ ਅਤੇ ਉਨ੍ਹਾਂ ਨੂੰ ਤਿੰਨ ਸਾਲ ਦੇ ਸਿਰਫ 1683 ਰੁਪਏ ਹੀ ਭਰਨੇ ਪੈਂਦੇ ਹਨ। ਪੱਛੜੀ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਦੀ ਸਾਰੀ ਫੀਸ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਸਰਕਾਰ ਵੱਲੋਂ ਵਾਪਸ ਕੀਤੀ ਜਾਂਦੀ ਹੈ। ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਮਾਪਿਆਂ ਦੀ ਆਮਦਨ ਦੋ ਲੱਖ ਤੋਂ ਘੱਟ ਹੈ, ਨੂੰ ਵਜ਼ੀਫਾ ਮੈਰਿਟ ਦੇ ਅਧਾਰ ‘ਤੇ ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 8 ਲੱਖ ਤੋਂ ਘੱਟ ਹੈ, ਨੂੰ ਕੋਈ ਟਿਊਸ਼ਨ ਫੀਸ ਨਹੀਂ, ਨਤੀਜਿਆਂ ਦੇ ਅਧਾਰ ਤੇ ਫੀਸ ਮੁਆਫੀ ਤੋਂ ਇਲਾਵਾ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਵੱਲੋਂ ਅਖਤਿਆਰੀ ਕੋਟੇ ਅਧੀਨ ਬਹੁਤ ਸਾਰੇ ਵਜੀਫੇ ਅਤੇ ਫੀਸ ਮੁਆਫੀ ਦੀਆਂ ਸਹੂਲਤਾਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਬਡਬਰ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਤੇ ਕਾਲਜ ਦੇ ਹੋਰ ਸਟਾਫ ਮੈਂਬਰ ਹਾਜ਼ਰ ਸਨ।