ਬਰਨਾਲਾ 10 ਮਈ ( ਨਿਰਮਲ ਸਿੰਘ ਪੰਡੋਰੀ )-
ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਸਾਹਿਤਕ ਵਿਧਾਵਾਂ ਦੀ ਸਿਰਜਣ ਪ੍ਰਕ੍ਰਿਆ ਬਾਰੇ ਜਾਣਕਾਰੀ ਦੇਣ ਹਿੱਤ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ ਐਜੂਕੇਸ਼ਨ ਵਿਖੇ ਕਵਿਤਾ ਸਿਰਜਣ ਪ੍ਰਕ੍ਰਿਆ ਵਰਕਸ਼ਾਪ ਕਰਵਾਈ ਗਈ। ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ,ਸਮੂਹ ਸਟਾਫ ਅਤੇ ਕਾਲਜ ਦੇ ਭਾਸ਼ਾ ਮੰਚ ਦੇ ਸਹਿਯੋਗ ਨਾਲ ਕਰਵਾਈ ਕਵਿਤਾ ਸਿਰਜਣ ਵਰਕਸ਼ਾਪ ਵਿੱਚ ਸ਼੍ਰੋਮਣੀ ਕਵੀ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦਰਸ਼ਨ ਬੁੱਟਰ ਵੱਲੋਂ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ ਜਦਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤਵੰਤ ਸਿੰਘ ਦਾਨੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਤੀਰਥ ਸਿੰਘ ਨੇ ਕੀਤੀ।ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨ ਨਾਲ ਹੋਈ। ਉਪਰੰਤ ਸੁਖਵਿੰਦਰ ਸਿੰਘ ਗੁਰਮ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਸਮਾਗਮ ਦਾ ਮਨੋਰਥ ਵੀ ਸਾਂਝਾ ਕੀਤਾ।ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਅਤੇ ਪੁਸਤਕਾਂ ਨਾਲ ਜੋੜਨਾਂ ਭਾਸ਼ਾ ਵਿਭਾਗ ਦੀ ਪਹਿਲੀ ਤਰਜੀਹ ਰਹੀ ਹੈ।ਵਰਕਸ਼ਾਪ ਦੌਰਾਨ ਕਵਿਤਾ ਦੀ ਸਿਰਜਣ ਪ੍ਰਕ੍ਰਿਆ ਬਾਰੇ ਬੋਲਦਿਆਂ ਦਰਸ਼ਨ ਬੁੱਟਰ ਨੇ ਕਿਹਾ ਕਿ ਕਵਿਤਾ ਸੰਵੇਦਨਸ਼ੀਲਤਾ ਦੀ ਕੁੱਖ ਵਿੱਚੋਂ ਉਪਜਦੀ ਹੈ।ਆਪਣੇ ਆਲੇ ਦੁਆਲੇ ਅਤੇ ਸਮਾਜ ਪ੍ਰਤੀ ਚੇਤਨ ਇਨਸਾਨ ਹੀ ਕਵਿਤਾ ਦੀ ਸਿਰਜਣਾ ਕਰ ਸਕਦਾ ਹੈ।ਲੋਕਾਂ ਦੇ ਦੁੱਖਾਂ ਦਰਦ ਨੂੰ ਭੁਲਾ ਖੁਦ ਲਈ ਜੀਣ ਵਾਲਾ ਇਨਸਾਨ ਕਵੀ ਹੋ ਹੀ ਨਹੀਂ ਸਕਦਾ।ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕਵਿਤਾ ਰਚਨਾ ਦਾ ਸਮਾਂ ਵੀ ਕਵਿਤਾ ਨੂੰ ਪ੍ਰਭਾਵਿਤ ਕਰਦਾ ਹੈ।ਉਹਨਾਂ ਕਵਿਤਾ ਦੀ ਸਿਰਜਣ ਪ੍ਰਕ੍ਰਿਆ ਦੇ ਨਾਲ ਨਾਲ ਆਪਣੇ ਜੀਵਨ ਬਾਰੇ ਵੀ ਗੱਲਬਾਤਾਂ ਸਾਂਝੀਆਂ ਕੀਤੀਆਂ। ਉਹਨਾਂ ਆਪਣੀਆਂ ਕਵਿਤਾਵਾਂ ਅਤੇ ਗੀਤ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ।ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤਵੰਤ ਦਾਨੀ ਨੇ ਕਿਹਾ ਕਿ ਇਨਸਾਨ ਦੀ ਸਖਸ਼ਅਤ ਉਸਾਰੀ ਵਿੱਚ ਪੁਸਤਕਾਂ ਦੀ ਹਮੇਸ਼ਾ ਹੀ ਅਹਿਮ ਭੂਮਿਕਾ ਰਹੀ ਹੈ।ਉਹਨਾਂ ਕਿਹਾ ਕਿ ਪੁਸਤਕਾਂ ਵਿਦਿਆਰਥੀਆਂ ਨੂੰ ਟੀਚਾ ਮਿਥਣ ਅਤੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।ਕਾਲਜ ਦੇ ਪ੍ਰਿੰਸੀਪਲ ਡਾ.ਤੀਰਥ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਸਾਰਥਿਕਤਾ ਅਤੇ ਸਫਲਤਾ ਸਮਾਗਮ ਦੌਰਾਨ ਕੀਤੀਆਂ ਵਿਚਾਰਾਂ ‘ਤੇ ਅਮਲ ਵਿੱਚ ਹੀ ਹੈ।ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਆਪਣੀਆਂ ਮੌਲਿਕ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਵਾਈਸ ਚੇਅਰਮੈਨ ਤਨਵੀਰ ਸਿੰਘ ਦਾਨੀ,ਸਹਾਇਕ ਪ੍ਰੋਫੈਸਰ ਅਮਨਦੀਪ ਕੌਰ,ਬਲਵਿੰਦਰ ਕੌਰ,ਕਰਮਜੀਤ ਕੌਰ,ਰਮਨਦੀਪ ਕੌਰ,ਭਾਰਤ ਇੰਦੂ ਕੁਮਾਰੀ,ਜਸਵੀਰ ਕੌਰ ਭੋਤਨਾ,ਕਮਲਦੀਪ ਸਿੰਘ,ਅਮਨਦੀਪ ਕੌਰ,ਗੁਰਪ੍ਰੀਤ ਸਿੰਘ ਅਤੇ ਗਗਨਦੀਪ ਕੌਰ ਸਮੇਤ ਸਾਹਿਤਕਾਰ ਸੁਰਿੰਦਰਜੀਤ ਚੌਹਾਨ, ਕੁਲਵਿੰਦਰ ਕੌਸ਼ਲ,ਪਰਮ ਸਹਿਜੜਾ ਅਤੇ ਕੁਲਵੰਤ ਸਿੰਘ ਅਮਲਾ ਸਿੰਘ ਵਾਲਾ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ:ਦਰਸ਼ਨ ਬੁੱਟਰ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਅਤੇ ਮੰਚ ‘ਤੇ ਬਿਰਾਜਮਾਨ ਪ੍ਰਧਾਨਗੀ ਮੰਡਲ।