ਚੰਡੀਗੜ੍ਹ -ਛੋਟੀ ਉਮਰ ਦੇ ਬੱਚਿਆਂ ਲਈ ਮੋਬਾਇਲ ਦੀ ਵਰਤੋਂ ਜਾਨਲੇਵਾ ਵੀ ਹੋ ਸਕਦੀ ਹੈ । ਕੇਰਲਾ ਵਿੱਚ ਵਾਪਰੀ ਇਕ ਘਟਨਾ ਇਹੋ ਸੰਕੇਤ ਦਿੰਦੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਜ਼ਿਆਦਾ ਸਮਾਂ ਮੋਬਾਇਲ ਵਰਤਣ ਨਾ ਦਿੱਤਾ ਜਾਵੇ । ਕੇਰਲਾ ਵਿੱਚ ਇੱਕ ਤੀਜੀ ਕਲਾਸ ਦੀ 8 ਸਾਲ ਦੀ ਬੱਚੀ ਦੀ ਮੋਬਾਈਲ ਫੋਨ ਫਟਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ । ਬੱਚੀ ਜਦ ਮੋਬਾਇਲ ‘ਤੇ ਵੀਡੀਓ ਦੇਖ ਰਹੀ ਸੀ ਤਾਂ ਮੋਬਾਈਲ ਫੋਨ ‘ ਚ ਬਲਾਸਟ ਹੋਇਆ ਜਿਸ ਨਾਲ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ । ਹਸਪਤਾਲ ਵਿੱਚ ਜਦੋ-ਜਹਿਦ ਤੋਂ ਬਾਅਦ ਵੀ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸਦੀ ਮੌਤ ਹੋ ਗਈ । ਮਾਹਿਰਾਂ ਅਨੁਸਾਰ ਮੋਬਾਈਲ ਫੋਨ ਨੂੰ ਚਾਰਜ ਲਗਾ ਕੇ ਵਰਤਣਾ ਜਾਂ ਜ਼ਿਆਦਾ ਲੰਬੇ ਸਮੇਂ ਲਈ ਵਰਤਣਾ ਹਾਨੀਕਾਰਕ ਹੋ ਸਕਦਾ ਹੈ। ਅਕਸਰ ਹੁੰਦਾ ਹੈ ਕਿ ਘਰੇਲੂ ਮਾਵਾਂ ਆਪਣੇ ਕੰਮਾਂ-ਕਾਰਾਂ ਦੀ ਬਦੌਲਤ ਬੱਚਿਆਂ ਨੂੰ ਫੋਨ ਦੇ ਕੇ ਪਾਸੇ ਕਰਕੇ ਬਿਠਾ ਦਿੰਦੀਆਂ ਹਨ । ਕੇਰਲਾ ਵਰਗੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਪਰੰਤੂ ਲੋਕ ਸਬਕ ਸਿੱਖਣ ਦੀ ਬਜਾਏ ਲਾਪਰਵਾਹੀ ਕਰਦੇ ਹਨ ।