– ਸਰਕਾਰ ਵੱਲੋਂ ਪੈਸੇ ਵਸੂਲਣ ਅਤੇ ਕਾਰਵਾਈ ਕਰਨ ਦੀ ਤਿਆਰੀ
ਚੰਡੀਗੜ੍ਹ ,2 ਨਵੰਬਰ, Gee98 News service
-ਪੰਜਾਬ ਸਰਕਾਰ ਦੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ‘ਚ ਗੜਬੜੀ ਸਾਹਮਣੇ ਆਈ ਹੈ। ਵਿਭਾਗ ਨੇ 1597 ਅਜਿਹੀਆਂ ਔਰਤਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਨੇ ਯੋਗ ਨਾ ਹੋਣ ਦੇ ਬਾਵਜੂਦ ਵੀ ਇਸ ਯੋਜਨਾ ਤਹਿਤ ਵਿੱਤੀ ਲਾਭ ਪ੍ਰਾਪਤ ਕੀਤਾ ਹੈ। ਸਰਕਾਰ ਵੱਲੋਂ ਹੁਣ ਅਜਿਹੀਆਂ ਔਰਤਾਂ ਤੋਂ ਪੈਸੇ ਵਸੂਲਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਸਮਾਜਿਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ 30 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕਰਕੇ ਅਜਿਹੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਪ੍ਰਾਪਤ ਜਾਣਕਾਰੀ ਅਨੁਸਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਇਹ 1597 ਗ਼ਲਤ ਲਾਭ ਪ੍ਰਾਪਤ ਕਰਨ ਵਾਲੀਆਂ ਔਰਤਾਂ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਸਹਿਕਾਰੀ ਖੇਤਰਾਂ ‘ਚ ਨੌਕਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਬੰਧੀ ਪੰਜਾਬ ਦੇ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਲਾਭਪਾਤਰੀ ਨਹੀਂ ਮੰਨਿਆ ਗਿਆ ਇਸ ਤੋਂ ਇਲਾਵਾ ਪਿਛਲੇ ਸਮੇਂ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਵੀ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ। ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ NHRM ਦੇ ਜਰੀਏ ਅਜਿਹੀਆਂ ਮਹਿਲਾਂ ਮੁਲਾਜ਼ਮਾਂ ਦੀ ਪਹਿਚਾਣ ਕੀਤੀ ਗਈ ਜਿਨਾਂ ਨੇ ਯੋਗ ਨਾ ਹੋਣ ਦੇ ਬਾਵਜੂਦ ਵੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਾਸ਼ੀ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਗ਼ਲਤ ਜਾਣਕਾਰੀ ਦੇ ਕੇ ਵਿੱਤੀ ਲਾਭ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੇ ਖ਼ਿਲਾਫ਼ ਅਨੁਸ਼ਾਸਨ ਅਤੇ ਪ੍ਰਸ਼ਾਸਨਿਕ ਕਾਰਵਾਈ ਵੀ ਹੋ ਸਕਦੀ ਹੈ। ਦੂਜੇ ਪਾਸੇ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਸਰਕਾਰੀ ਮਹਿਲਾ ਮੁਲਾਜ਼ਮਾਂ ਤੋਂ ਇਲਾਵਾ ਵੀ ਆਮ ਔਰਤਾਂ ਨੇ ਜਾਅਲੀ ਡਾਕੂ ਦਸਤਾਵੇਜ਼ ਤਿਆਰ ਕਰਕੇ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਹੈ। ਅਜਿਹਾ ਮਾਮਲਾ ਬਲਾਕ ਮਹਿਲ ਕਲਾਂ ‘ਚ ਸਾਹਮਣੇ ਆਏ ਜਿੱਥੇ ਖਿਆਲੀ ਪਿੰਡ ਦੀ ਇੱਕ ਔਰਤ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਪਿੰਡ ਦਸੌਂਧਾਸਿੰਘਵਾਲਾ ਜ਼ਿਲ੍ਹਾ ਮਲੇਰਕੋਟਲਾ ਦੀ ਇੱਕ ਔਰਤ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਗ਼ਲਤ ਤਰੀਕੇ ਨਾਲ ਲਾਭ ਲਿਆ। ਇਸ ਸਬੰਧੀ ਖ਼ਿਆਲੀ ਪਿੰਡ ਦੇ ਸਬੰਧਿਤ ਔਰਤ ਵੱਲੋਂ ਡੀਐਸਪੀ/ਐਸਡੀਐਮ ਮਹਿਲ ਕਲਾਂ ਨੂੰ ਲਿਖ਼ਤੀ ਦਰਖ਼ਾਸਤ ਵੀ ਦਿੱਤੀ ਗਈ ਪ੍ਰੰਤੂ ਡੀਐਸਪੀ/ਐਸਡੀਐਮ ਮਹਿਲ ਕਲਾਂ ਵੱਲੋਂ ਇਸ ਮਾਮਲੇ ‘ਚ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਚਰਚਾ ਇਹ ਵੀ ਹੈ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਗ਼ਲਤ ਦਸਤਾਵੇਜ਼ ਲਗਾ ਕੇ ਲਾਭ ਲੈਣ ਵਾਲੀ ਪਿੰਡ ਦਸੌਂਧਾ ਸਿੰਘ ਵਾਲਾ ਦੀ ਉਕਤ ਔਰਤ ਦੇ ਖਿਲਾਫ ਡੀਐਸਪੀ/ਐਸਡੀਐਮ ਮਹਿਲ ਕਲਾਂ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪਿੰਡ ਖ਼ਿਆਲੀ ਦੇ ਸੰਬੰਧਤ ਪਰਿਵਾਰ ਵੱਲੋਂ ਡੀਐਸਪੀ ਅਤੇ ਐਸਡੀਐਮ ਮਹਿਲਕਲਾਂ ਦੇ ਖ਼ਿਲਾਫ਼ ਇੱਕ ਲਿਖਤੀ ਦਰਖਾਸਤ ਮੁੱਖ ਮੰਤਰੀ ਪੰਜਾਬ ਨੂੰ ਵੀ ਕੀਤੀ ਗਈ ਹੈ।