ਚੰਡੀਗੜ੍ਹ 6 ਅਪ੍ਰੈਲ ( ਜੀ98 ਨਿਊਜ਼ ਸਰਵਿਸ )-
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਕਲਾਸ ਦੀਆਂ ਹੋਈਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਨਤੀਜਾ ਐਲਾਨਿਆ ਗਿਆ। ਇਸ ਮੌਕੇ ਸਿੱਖਿਆ ਬੋਰਡ ਦੇ ਸਕੱਤਰ, ਪ੍ਰੀਖਿਆ ਕੰਟਰੋਲਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ। ਐਲਾਨੇ ਗਏ ਨਤੀਜੇ ਵਿੱਚ ਪਾਸ ਪ੍ਰਤੀਸ਼ਤਾ 99.69 ਫ਼ੀਸਦੀ ਰਹੀ। ਨਤੀਜੇ ਵਿੱਚ ਮਾਨਸਾ ਦੀ ਜਸਪ੍ਰੀਤ ਕੌਰ, ਨਵਦੀਪ ਕੌਰ ਅਤੇ ਫਰੀਦਕੋਟ ਦਾ ਗੁਰਨੂਰ ਸਿੰਘ ਧਾਲੀਵਾਲ 100 ਫ਼ੀਸਦੀ ਨੰਬਰਾਂ ਨਾਲ ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਏ ਹਨ। ਇਸ ਵਿਚ ਮੁੰਡਿਆਂ ਦੀ ਪਾਸ ਪ੍ਰਤੀਸ਼ਤ 99.65 ਫ਼ੀਸਦੀ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤ 99.74 ਫ਼ੀਸਦੀ ਰਹੀ ਹੈ। ਦੱਸ ਦਈਏ ਕਿ 632 ਪ੍ਰੀਖਿਆਰਥੀਆਂ ਨੇ 100 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ। ਬਰਨਾਲਾ ਜ਼ਿਲ੍ਹਾ 99.86 ਫ਼ੀਸਦੀ ਨਾਲ ਸਾਰੇ ਜ਼ਿਲ੍ਹਿਆਂ ਵਿਚੋਂ ਪਹਿਲੇ ਨੰਬਰ ’ਤੇ ਰਿਹਾ ਹੈ। ਪਹਿਲੇ ਨੰਬਰ ’ਤੇ ਆਏ ਵਿਦਿਆਰਥੀ ਉਮਰ ਦੇ ਆਧਾਰ ’ਤੇ ਐਲਾਨੇ ਗਏ ਹਨ। ਸਭ ਤੋਂ ਛੋਟੀ ਉਮਰ ਦੇ 100 ਫ਼ੀਸਦੀ ਅੰਕ ਲੈਣ ਵਾਲੇ ਪ੍ਰੀਖਿਆਰਥੀਆਂ ਨੂੰ ਪਹਿਲੇ ਸਥਾਨ ’ਤੇ ਐਲਾਨਿਆ ਗਿਆ ਹੈ।
