Skip to main content

Gee 98News

ਗੁਜਰਾਤ ਦੀ ਜੇਲ੍ਹ ‘ਚ ਲਾਰੈਂਸ ਬਿਸ਼ਨੋਈ ਦਾ “ਬਲਾੱਕ” ਬਦਲਿਆ… ਡਿਜ਼ੀਟਲ ਨੈੱਟਵਰਕ ‘ਤੇ ਲਗਾਮ ਲਗਾਉਣ ਦਾ ਯਤਨ

ਚੰਡੀਗੜ੍ਹ, 27 ਅਕਤੂਬਰ, Gee98 News service-

-ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬਲਾਕ ਬਦਲ ਦਿੱਤਾ ਗਿਆ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਸੈਂਟਰਲ ਜੇਲ੍ਹ ਦੇ ਹਾਈ ਸਿਕਿਉਰਟੀ “200 ਖੋਲੀ” ਬਲਾਕ ਵਿੱਚ ਸਿਫਟ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਇਸ ਬਲਾਕ ਵਿੱਚ 2008 ਦੇ ਸੀਰੀਅਲ ਬਲਾਸਟ ਦੇ ਦੋਸ਼ੀਆਂ ਸਮੇਤ ਗੰਭੀਰ ਜੁਰਮਾਂ ਵਾਲੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਲਾਰੈਂਸ ਬਿਸ਼ਨੋਈ ਨੂੰ ਇਸ ਬਲਾਕ ਵਿੱਚ ਰੱਖਣ ਲਈ ਇਸ ਬਲਾਕ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਹਰੇਕ ਹਿੱਸੇ ਵਿੱਚ 50 ਕੈਦੀ ਹਨ ਜਿਨਾਂ ਵਿੱਚੋਂ ਲਾਰੈਂਸ ਦਾ ਸੈੱਲ 7.5×11 ਫੁੱਟ ਦਾ ਹੈ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਮਈ 2023 ਤੋਂ ਬੰਦ ਹੈ। ਸੂਤਰਾਂ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਡਿਜ਼ੀਟਲ ਨੈਟਵਰਕ ‘ਤੇ ਲਗਾਮ ਲਗਾਉਣ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ। ਭਾਵੇਂ ਕਿ ਪਿਛਲੇ ਦੋ ਸਾਲ ਤੋਂ ਬਿਸ਼ਨੋਈ ਦਾ ਬਾਹਰਲੀ ਦੁਨੀਆਂ ਨਾਲ ਕੋਈ ਸਿੱਧਾ ਸੰਪਰਕ ਸਾਹਮਣੇ ਨਹੀਂ ਆਇਆ ਪ੍ਰੰਤੂ ਇਸਦੇ ਬਾਵਜੂਦ ਵੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੁੰਦੇ ਹੋਏ ਉਸਦਾ ਗਿਰੋਹ ਦੇਸ਼ ਵਿਦੇਸ਼ ਵਿੱਚ ਸੰਚਾਲਿਤ ਹੋ ਰਿਹਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ 18 ਅਕਤੂਬਰ ਨੂੰ ਫਿਲਮੀ ਐਕਟਰ ਟਾਈਗਰ ਸ਼ਰਾਫ ‘ਤੇ ਹੋਈ ਫਾਇਰਿੰਗ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਬਲਾਕ ਸ਼ਿਫਟ ਕਰਨ ਸਬੰਧੀ ਇਹ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਟਾਈਗਰ ਸ਼ਰਾਫ ‘ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨਾਲ ਜੁੜੇ ਅਨਿਲ ਪੰਡਿਤ ਨੇ ਲਈ ਸੀ। ਲਾਰੈਸ ਬਿਸ਼ਨੋਈ ਇਸ ਤੋਂ ਪਹਿਲਾਂ ਸਾਬਰਮਤੀ ਜੇਲ੍ਹ ਦੇ “10 ਖੋਲੀ” ਨਾਮ ਦੇ ਹਾਈ ਸਿਕਿਉਰਿਟੀ ਬਲਾਕ ਵਿੱਚ ਰੱਖਿਆ ਗਿਆ ਸੀ ਜਿੱਥੇ ਸਿਰਫ 10 ਕੈਦੀਆਂ ਦੀ ਰਹਿਣ ਦੀ ਥਾਂ ਹੈ। ਇਸ ਤੋਂ ਪਹਿਲਾਂ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਤੇ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿੱਚ ਵੀ ਬੰਦ ਰਿਹਾ ਹੈ। ਦਰਅਸਲ ਲਾਰੈਂਸ ਬਿਸ਼ਨੋਈ ਗੈਂਗ ਸਬੰਧੀ ਕੇਂਦਰ ਅਤੇ ਗੁਜਰਾਤ ਸਰਕਾਰ ‘ਤੇ ਸਵਾਲ ਉੱਠਦੇ ਰਹੇ ਹਨ ਕਿਉਂਕਿ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਬਿਸ਼ਨੋਈ ਦਾ ਗਿਰੋਹ ਦੇਸ਼ ਵਿਦੇਸ਼ ਵਿੱਚ ਸਰਗਰਮ ਹੈ। ਉਸ ਦੇ ਪ੍ਰਮੁੱਖ ਸਹਿਯੋਗੀਆਂ ਦਾ ਸਮੂਹ ਜਿਸਨੂੰ “ਸ਼ੈਡੋ ਕੈਬਨਿਟ” ਵੀ ਕਿਹਾ ਜਾਂਦਾ ਹੈ, ਗੈਂਗ ਦੇ ਰੋਜ਼ਾਨਾ ਦੇ ਕੰਮਕਾਜ ਅਤੇ ਨਵੇਂ ਮੈਂਬਰਾਂ ਦੀ ਭਰਤੀ ਦਾ ਕੰਮ ਦੇਖਦਾ ਹੈ ਜਦ ਕਿ ਇੱਕ ਦੂਜਾ ਸਮੂਹ ਵਾਰਦਾਤਾਂ ਦੀ ਯੋਜਨਾ ਬਣਾਉਣ ਅਤੇ ਨਿਸ਼ਾਨੇ ਤੈਅ ਕਰਨ ਦਾ ਕੰਮ ਕਰਦਾ ਹੈ। ‌ ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਹੀ ਅਦਾਲਤੀ ਸੁਣਵਾਈ ਦੌਰਾਨ ਪੇਸ਼ ਹੁੰਦਾ ਹੈ।

error: Content is protected !!