ਪਟਿਆਲਾ, 18 ਅਕਤੂਬਰ (ਜੀ98 ਨਿਊਜ਼ ਸਰਵਿਸ) :
ਪੰਜਾਬ ’ਚ ਰੇਤੇ ਦੀਆਂ ਕੀਮਤਾਂ ਸੰਬੰਧੀ ਵਿਲੱਖਣ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਮੌਜੂਦਾ ਸਰਕਾਰ ਦੀ ਕਾਰਗੁਜਾਰੀ ’ਤੇ ਟਿੱਪਣੀ ਕੀਤੀ। ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਰਕਰਾਂ ਨੇ ਰੇਤੇ ਦੀਆਂ ਕੀਮਤਾਂ ਸੰਬੰਧੀ ਲੋਕਾਂ ਨੂੰ ਜਾਗਰੂੁਕ ਕਰਨ ਲਈ ਰੇਤੇ ਦੀ ਦੁਕਾਨ ਲਗਾ ਕੇ ਲਿਫਾਫਿਆਂ ਵਿੱਚ ਰੇਤਾ ਵੇਚਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਮਾਨ ਸਰਕਾਰ ਪੰਜਾਬ ਦਾ ਸਰਮਾਇਆ ਦੂਜੇ ਰਾਜਾਂ ਵਿੱਚ ਪ੍ਰਚਾਰ ’ਤੇ ਲੁਟਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਝ ਬਹੁਤ ਹੀ ਅਹਿਮ ਮਸਲੇ ਹਨ ਜਿਨ੍ਹਾਂ ਤੋਂ ਸਰਕਾਰ ਧਿਆਨ ਹਟਾ ਕੇ ਹੋਰ ਰਾਜਾਂ ਵਿੱਚ ਰੁੱਝੀ ਹੋਈ ਹੈ, ਅਜਿਹਾ ਸਿਰਫ ਭਗਵੰਤ ਮਾਨ ਵੱਲੋਂ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਪੱਟੀ ’ਚ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਨਰਮੇ ਦੇ ਮੁਆਵਜ਼ੇ ਵਜੋਂ ਕੇਂਦਰ ਸਰਕਾਰ ਵੱਲੋਂ 544 ਕਰੋੜ ਜਾਰੀ ਹੋ ਚੁੱਕਿਆ ਪ੍ਰੰਤੂ ਪੀੜਤ ਕਿਸਾਨਾਂ ਨੂੰ ਇਹ ਪੈਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੂਬੇ ’ਚ ਰੇਤੇ ਦਾ ਭਾਅ ਅਸਮਾਨ ਨੂੰ ਛੂਹ ਰਿਹਾ ਹੈ, ਉਸਾਰੀ ਦੇ ਕੰਮ ਠੱਪ ਹੋ ਗਏ ਹਨ, ਵਿਕਾਸ ਕਾਰਜ ਬਿਲਕੁਲ ਬੰਦ ਹਨ, ਅਮਨ ਕਾਨੂੰਨ ਦੀ ਸਥਿਤੀ ਕਾਬੂ ਤੋਂ ਬਾਹਰ ਹੈ , ਗੈਂਗਵਾਰ ਨੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਈ ਹੋਈ ਹੈ, ਲੋਕ ਡਰ ਦੇ ਸਾਏ ਹੇਠ ਰਹਿ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਸੂਬੇ ਦੇ ਖ਼ਜ਼ਾਨੇ ਉੱਪਰ ਹੋਰ ਰਾਜਾਂ ’ਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ।