-ਪੰਜਾਬ ਸਰਕਾਰ ਤੇ ਰਾਜਪਾਲ ਆਹਮੋ-ਸਾਹਮਣੇ
ਚੰਡੀਗੜ, 18 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤਕੜਾ ਝਟਕਾ ਦਿੱਤਾ ਹੈ। ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇੱਕ ਪੱਤਰ ’ਚ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਡਾਕਟਰ ਸਤਵੀਰ ਸਿੰਘ ਗੋਸਲ ਨੂੰ ਯੂਨੀਵਰਸਿਟੀ ਦਾ ਉਪ-ਕੁਲਪਤੀ ਲਗਾਇਆ ਸੀ। ਆਪਣੇ ਪੱਤਰ ’ਚ ਰਾਜਪਾਲ ਨੇ ਲਿਖਿਆ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਨਿਯੁਕਤੀ ਪੂਰੀ ਤਰਾਂ ਗ਼ੈਰ ਕਾਨੂੰਨੀ ਹੈ ਅਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਰਾਜਪਾਲ ਨੇ ਇਹ ਵੀ ਲਿਖਿਆ ਹੈ ਕਿ ਮੌਜੂਦਾ ਉਪ-ਕੁਲਪਤੀ ਨੂੰ ਹਟਾ ਕੇ ਨਵੇਂ ਉਪ-ਕੁਲਪਤੀ ਦੀ ਨਿਯੁਕਤੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਉਸ ਵੇਲੇ ਤੱਕ ਪੀਏਯੂ ਦੇ ਉਪ-ਕੁਲਪਤੀ ਦਾ ਚਾਰਜ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੂੰ ਦਿੱਤਾ ਜਾਵੇ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਨਿਯੁਕਤੀ ਸੰਬੰਧੀ ਰਾਜਪਾਲ ਨੇ ਫਾਈਲ ਸਰਕਾਰ ਨੂੰ ਵਾਪਸ ਭੇਜਦੇ ਹੋਏ ਕਿਹਾ ਸੀ ਕਿ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇ । ਰਾਜਪਾਲ ਦੇ ਫਾਈਲ ਵਾਪਸ ਭੇਜਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਰਾਜਪਾਲ ਦੇ ਹੁਕਮਾਂ ਅਨੁਸਾਰ ਦੁਬਾਰਾ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇਗਾ ਪ੍ਰੰਤੂ ਇਸੇ ਦੌਰਾਨ ਸਰਕਾਰ ਵੱਲੋਂ ਨਾਮਜ਼ਦ ਕੀਤੇ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣੇ ਆਪ ਨੂੰ ਇਸ ਪ੍ਰਕਿਰਿਆ ’ਚੋਂ ਵੱਖ ਕਰ ਲਿਆ ਸੀ । ਪੀਏਯੂ ਸੰਬੰਧੀ ਰਾਜਪਾਲ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਰਾਜਪਾਲ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਪੈਦਾ ਹੋਈ ਕੁੜੱਤਣ ’ਚ ਮਿਰਚਾਂ ਹੋਰ ਵਧ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ ਗੁਜਰਾਤ ਵਿੱਚ ਆਪਣੀ ਪਾਰਟੀ ਦੀ ਜਿੱਤ ਸੰਬੰਧੀ ਸਰਗਰਮ ਹਨ ਪ੍ਰੰਤੂ ਪਿੱਛੇ ਉਨਾਂ ਦੀ ਸਰਕਾਰ ਨੂੰ ਰਾਜਪਾਲ ਝਟਕੇ ’ਤੇ ਝਟਕਾ ਦੇ ਰਹੇ ਹਨ। ਰਾਜਪਾਲ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਸਰਕਾਰ ਅਤੇ ਰਾਜਪਾਲ ਵਿਚਕਾਰ ਵਿਵਾਦ ਹੋਰ ਵਧਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਦੇ ਮੰਤਰੀ ਪਹਿਲਾਂ ਹੀ ਖੁੱਲ ਕੇ ਦੋਸ਼ ਲਗਾ ਰਹੇ ਹਨ ਕਿ ਰਾਜਪਾਲ ਕੇਂਦਰ ਦੇ ਇਸਾਰੇ ’ਤੇ ‘ਆਪ’ ਸਰਕਾਰ ਨੂੰ ਤਾਰਪੀਡੋ ਕਰ ਰਹੇ ਹਨ। ਪੰਜਾਬ ਸਰਕਾਰ ਅਤੇ ਰਾਜਪਾਲ ਦਰਮਿਆਨ ਜੋ ਸਥਿਤੀ ਹੁਣ ਪੈਦਾ ਹੋਈ ਹੈ, ਅਜਿਹੀ ਸਥਿਤੀ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਪੈਦਾ ਨਹੀਂ ਹੋਈ। ਸਰਕਾਰ ਵੱਲੋਂ ਨਿਯੁਕਤ ਕੀਤੇ ਪੀਏਯੂ ਦੇ ਉਪ- ਕੁਲਪਤੀ ਨੂੰ ਹਟਾਉਣ ਦੇ ਹੁਕਮ ਸਰਕਾਰ ਲਈ ਅਜਿਹੇ ਜ਼ਖ਼ਮ ਹਨ ਜਿਨ੍ਹਾਂ ਉੱਪਰ ‘ਆਪ’ ਵਿਰੋਧੀ ਪਾਰਟੀਆਂ ਹੋਰ ਲੂਣ ਪਾ ਕੇ ਸਰਕਾਰ ਦਾ ਦਰਦ ਵਧਾਉਣਗੀਆਂ ਅਤੇ ਰਾਜਪਾਲ ਤੇ ਸਰਕਾਰ ਦਰਮਿਆਨ ਪੈਦਾ ਹੋਈ ਕੁੜੱਤਣ ਨੂੰ ਤਾਜ਼ਾ ਰੱਖਣ ਦਾ ਯਤਨ ਕਰਨਗੀਆਂ, ਆਗੇ-ਆਗੇ ਦੇਖੋ ਹੋਤਾ ਹੈ ਕਿਆ..!
