ਬਰਨਾਲਾ,09 ਮਈ (ਨਿਰਮਲ ਸਿੰਘ ਪੰਡੋਰੀ) :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਬਡਬਰ ਦੇ ਇੱਕ ਕੋਰੋਨਾ ਪੀੜਤ ਪਰਿਵਾਰ ਨੂੰ ਵੱਡੀ ਰਾਹਿਤ ਦਿੰਦੇ ਹੋਏ 50 ਲੱਖ ਦੀ ਰਾਸ਼ੀ ਦੇਣ ਦੇ ਹੁਕਮ ਪੰਜਾਬ ਦੇ ਵਿੱਤ ਵਿਭਾਗ ਨੂੰ ਦਿੱਤੇ ਹਨ। ਪਿੰਡ ਬਡਬਰ ਦੇ ਵਸਨੀਕ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਦੀ ਮੌਤ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਡਿਊੁਟੀ ਲੱਗੀ ਸੀ ਜਿਸ ਤਹਿਤ ਮਨਜੀਤ ਸਿੰਘ ਪੀਆਰਟੀਸੀ ਦੀ ਬੱਸ ਲੈ ਕੇ ਸ੍ਰੀ ਹਜ਼ੂਰ ਸਾਹਿਬ ਗਿਆ ਸੀ ਪ੍ਰੰਤੂ ਵਾਪਿਸ ਮੁੜਦੇ ਹੋਏ ਮਨਜੀਤ ਸਿੰਘ ਦੀ ਰਸਤੇ ’ਚ ਹੀ ਮੌਤ ਹੋ ਗਈ ਸੀ। ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜੀਤ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ, ਪਰ ਇਹ 10 ਲੱਖ ਰੁਪਏ ਦੀ ਸਹਾਇਤਾ ਸਿਰਫ਼ ਐਲਾਨ ਤੱਕ ਹੀ ਸਿਮਟ ਗਈ ਅਤੇ ਕਿਸੇ ਨੇ ਵੀ ਮਨਜੀਤ ਸਿੰਘ ਦੇ ਪਰਿਵਾਰ ਦੀ ਸਾਰ ਨਹੀਂ ਲਈ। ਬਤੌਰ ਮੈਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਸੀ ਅਤੇ ਮੌਕੇ ਦੀ ਸਰਕਾਰ ਤੋਂ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਕੋਰੋਨਾ ਯੋਧਾ ਦੇ ਤੌਰ ’ਤੇ ਦੇਣ ਦੀ ਮੰਗ ਕੀਤੀ ਸੀ। ਉਸ ਵੇਲੇ ਦੀ ਕੈਪਟਨ ਸਰਕਾਰ ਨੇ ਭਾਵੇਂ ਇਸ ਮੰਗ ਨੂੰ ਅੱਖੋ ਪਰੋਖੇ ਕੀਤਾ ਪ੍ਰੰਤ ਹੁਣ ਸੂਬੇ ’ਚ ਆਪਣੀ ਸਰਕਾਰ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੇਣ ਦੇ ਵਿੱਤ ਵਿਭਾਗ ਨੂੰ ਹੁਕਮ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕਾਰਜ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਕਿਉਂਕਿ ਮਨਜੀਤ ਸਿੰਘ ਆਪਣੇ ਬਿਰਧ ਮਾਪਿਆਂ ਦਾ ਕਮਾਊ ਪੁੱਤ ਸੀ। ਇਸ ਸਹਾਇਤਾ ਰਾਸ਼ੀ ਨਾਲ ਮਨਜੀਤ ਸਿੰਘ ਦੇ ਪਰਿਵਾਰ ਨੂੰ ਵੱਡੀ ਆਰਥਿਕ ਰਾਹਿਤ ਮਿਲੇਗੀ।
