-ਮਨਦੀਪ ਸਿੰਘ ਸਿੱਧੂ ਨੇ ਦਿਖਾਇਆ ਕਿ ਪੰਜ ਉਂਗਲਾਂ ਕਿਵੇਂ ਇੱਕ ਸਮਾਨ ਨਹੀਂ ਹੁੰਦੀਆਂ
ਬਰਨਾਲਾ, 07 ਮਈ (ਨਿਰਮਲ ਸਿੰਘ ਪੰਡੋਰੀ) :
ਆਮ ਤੌਰ ’ਤੇ ਖ਼ਾਕੀ ਵਰਦੀ ਵਾਲੇ ਮੁਲਾਜ਼ਮ ਨੂੰ ਲੋਕ ਟੇਢੀ ਨਜ਼ਰ ਨਾਲ ਹੀ ਦੇਖਦੇ ਹਨ। ਭਾਵੇਂ ਕਿ ਪੰਜ ਉਗਲਾਂ ਇੱਕ ਸਮਾਨ ਨਹੀਂ ਹੰਦੀਆਂ ਪ੍ਰੰਤੂ ਥੋੜੇ ਮੁਲਾਜ਼ਮਾਂ ਦੇ ਕੁਝ ਇਤਰਾਜ਼ਯੋਗ ਕੰਮਾਂ ਕਰਕੇ ਲੋਕ ਸਾਰੀ ਪੁਲਿਸ ਫੋਰਸ ਨੂੰ ਹੀ ਇੱਕੋ ਨੱਕੇ ਲੰਘਾਉਣ ਵਾਲੀ ਗੱਲ ਕਰ ਜਾਂਦੇ ਹਨ ਪ੍ਰੰਤੂ ਪੰਜਾਬ ਪੁਲਿਸ ਦੇ ਇੱਕ ਅਫ਼ਸਰ ਨੇ ਇੱਕ ਅਜਿਹਾ ਕੰਮ ਕੀਤਾ ਹੈ ਕਿ ਜਿਸ ਨੂੰ ਨੂੰ ਸੁਣ ਕੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠਾ ਵਿਅਕਤੀ ਸਲੂਟ ਕਰ ਰਿਹਾ ਹੈ। ਸੰਗਰੂਰ ਦੇ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਆਰਥਿਕ ਤੌਰ ’ਤੇ ਕਮਜ਼ੋਰ ਪਰ ਅੱਗੇ ਪੜਨ ਦੀ ਤਮੰਨਾ ਰੱਖਣ ਵਾਲੀਆਂ ਲੜਕੀਆਂ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਆਪਣੇ ਦਫ਼ਤਰ ਬੁਲਾ ਕੇ, ਆਪਣੀ ਸੀਟ ’ਤੇ ਬਿਠਾ ਕੇ 51500 ਦੇ ਚੈੱਕ ਕੁਝ ਪਰਿਵਾਰਾਂ ਦੀਆਂ ਧੀਆਂ ਨੂੰ ਦਿੱਤੇ। ਦੱਸਣਯੋਗ ਹੈ ਕਿ ਬਤੌਰ ਐਸਐਸਪੀ ਜੁਆਇਨ ਕਰਨ ਸਮੇਂ ਪੁਲਿਸ ਅਫ਼ਸਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਸੀ ਕਿ ਪੜਾਈ ਵਿੱਚ ਹੁਸ਼ਿਆਰ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਧੀਆਂ , ਜਿਨਾਂ ਦੇ ਸਿਰ ’ਤੇ ਕਿਸੇ ਕਾਰਨ ਪਿਤਾ ਦਾ ਹੱਥ ਨਹੀਂ ਹੋਵੇਗਾ ਪ੍ਰੰਤੂ ਉਹ ਅੱਗੇ ਪੜਾਈ ਕਰਨਾ ਚਾਹੁੰਦੀਆਂ ਹੋਣ ਤਾਂ ਉਨਾਂ ਨੂੰ ਸ. ਸਿੱਧੂ ਆਪਣੀ ਮਿਲਣ ਵਾਲੀ ਪਹਿਲੀ ਤਨਖਾਹ ਵਿੱਚੋਂ 51000 ਦੇ ਚੈੱਕ ਅਤੇ ਬਾਅਦ ਵਿੱਚ ਹਰ ਮਹੀਨੇ 21000 ਰੁਪਏ ਸਹਾਇਤਾ ਵਜੋਂ ਦੇਣਗੇ ਤਾਂ ਜੋ ਅਜਿਹੀਆਂ ਲੜਕੀਆਂ ਆਪਣੀ ਫੀਸ ਤੇ ਪੜਾਈ ਦੇ ਹੋਰ ਖ਼ਰਚੇ ਪੂਰੇ ਕਰਨ ਸਕਣ। ਆਪਣਾ ਵਾਅਦਾ ਪੂਰਾ ਕਰਦੇ ਹੋਏ ਸ. ਮਨਦੀਪ ਸਿੰਘ ਸਿੱਧੂ ਐਸਐਸਪੀ ਸੰਗਰੂਰ ਨੇ ਆਪਣੇ ਦਫ਼ਤਰ ਬੁਲਾ ਕੇ ਪ੍ਰੀਆ ਪੁੱਤਰੀ ਜਸਵੰਤ ਸਿੰਘ (ਯੋਗਤਾ ਬੀਏ,ਸੀਸੀਏ,ਐਨਟੀਟੀ-80ਪ੍ਰਤੀਸ਼ਤ, ਬੀਐਡ ਚੌਥਾ ਸਮੈਸਟਰ ਕਰ ਰਹੀ) ਨੂੰ 40000 ਰੁਪਏ ਦਾ ਚੈੱਕ ਦਿੱਤਾ। ਪ੍ਰੀਆ ਦੇ ਮਾਤਾ ਪਿਤਾ ਮਜ਼ਦੂਰੀ ਕਰਦੇ ਹਨ। ਇਸੇ ਤਰਾਂ ਕਿਸਾਨ ਅੰਦੋਲਨ ਵਿੱਚ ਸਾਈਕਲ ’ਤੇ ਦਿੱਲੀ ਤੱਕ ਗਈ ਬਲਜੀਤ ਕੌਰ ਪੁੱਤਰੀ ਸਵ. ਤਿਤਰੂ ਸਿੰਘ ਨੂੰ ਫੀਸ ਵਜੋਂ 6500 ਰੁਪਏ ਦਾ ਚੈੱਕ ਦਿੱਤਾ। ਬਲਜੀਤ ਕੌਰ ਸਾਈਕਲਿੰਗ ਰੋਡ + ਟ੍ਰੈਕ ਦੀ ਖਿਡਾਰਨ ਹੈ। ਜਿਸ ਨੇ 2017 ਤੋਂ 2020 ਤੱਕ ਪਟਿਆਲਾ, ਲੁਧਿਆਣਾ, ਅਸਾਮ ਅਤੇ ਪੂਨਾ ਵਿਖੇ 4 ਸੋਨੇ ਦੇ, 2 ਚਾਂਦੀ ਦੇ ਅਤੇ 5 ਕਾਂਸੀ ਦੇ ਮੈਡਲ ਜਿੱਤੇ ਹਨ। ਇਸੇ ਤਰਾਂ ਅਮਨਦੀਪ ਸਿੰਘ ਪੁੱਤਰੀ ਲੱਖਾ ਸਿੰਘ, ਜਿਸ ਦਾ ਪਿਤਾ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਕੇ ਰਹਿ ਰਿਹਾ ਹੈ, ਨੂੰ ਸਲਾਨਾ ਫੀਸ ਦੇ 5000 ਦਾ ਚੈੱਕ ਦਿੱਤਾ। ਸ. ਮਨਦੀਪ ਸਿੰਘ ਸਿੱਧੂ ਦੇ ਇਸ ਉਪਾਰਲੇ ਦੀ ਜਿੱਥੇ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਉੱਥੇ ਇਹ ਵੀ ਯਕੀਨੀ ਹੈ ਕਿ ਉਨਾਂ ਦਾ ਇਹ ਉਦਮ ਆਰਥਿਕ ਤੌਰ ’ਤੇ ਯੋਗ ਹੋਰ ਵਿਅਕਤੀਆਂ ਨੂੰ ਵੀ ਅਜਿਹਾ ਉਪਰਾਲਾ ਕਰਨ ਲਈ ਪ੍ਰੇਰਿਤ ਕਰੇਗਾ। ਨਿਰਸੰਦੇਹ! ਸ. ਸਿੱਧੂ ਨੇ ‘ਖ਼ਾਕੀ ਰੰਗ’ ਦੀ ਚਮਕ ਨੂੰ ਹੋਰ ਤੇਜ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਸ. ਮਨਦੀਪ ਸਿੰਘ ਸਿੱਧੂ ਬਤੌਰ ਪੁਲਿਸ ਅਫਸਰ ਵੀ ਆਪਣੀ ਪ੍ਰਬੰਧਕੀ ਕਾਰਜ਼ਕੁਸ਼ਲਤਾ ਦੀ ਬਦੌਲਤ ਪੁਲਿਸ ਫੋਰਸ ਵਿੱਚ ਵਿਸ਼ੇਸ਼ ਪਹਿਚਾਣ ਰੱਖਦੇ ਹਨ।
