-14 ਫਰਵਰੀ ਨੂੰ ਵੋਟਾਂ ਅਤੇ 10 ਮਾਰਚ ਨੂੰ ਨਤੀਜੇ
ਚੰਡੀਗੜ੍ਹ 8 ਜਨਵਰੀ (ਨਿਰਮਲ ਸਿੰਘ ਪੰਡੋਰੀ)-ਪੰਜਾਬ ‘ਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਕੀਤੇ ਐਲਾਨ ਅਨੁਸਾਰ ਪੰਜਾਬ ਵਿੱਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਵੋਟਾਂ ਦੇ ਨਤੀਜੇ ਦਿੱਤੇ ਜਾਣਗੇ। ਚੋਣ ਕਮਿਸ਼ਨ ਨੇ 15 ਜਨਵਰੀ ਤਕ ਕਿਸੇ ਵੀ ਸਿਆਸੀ ਰੈਲੀ ਉੱਪਰ, ਰੋਡ ਸ਼ੋਅ, ਪਦਯਾਤਰਾ ਅਤੇ ਕਿਸੇ ਵੀ ਵਾਹਨ ਯਾਤਰਾ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ।ਚੋਣ ਕਮਿਸ਼ਨ ਨੇ ਕਿਹਾ ਹੈ ਕਿ 15 ਜਨਵਰੀ ਨੂੰ ਇੱਕ ਵਾਰ ਹੋਰ ਸਮੀਖਿਆ ਮੀਟਿੰਗ ਕੀਤੀ ਜਾਵੇਗੀ ਭਾਵ ਜੇਕਰ ਕੋਰੋਨਾ ਕੇਸ ਖ਼ਤਰਨਾਕ ਹੱਦ ਤਕ ਵਧ ਜਾਂਦੇ ਹਨ ਤਾਂ ਚੋਣਾਂ ਰੱਦ ਵੀ ਹੋ ਸਕਦੀਆਂ ਹਨ।ਪੰਜਾਬ ਚੋਣਾਂ 21 ਜਨਵਰੀ ਤੋਂ 28 ਜਨਵਰੀ ਤਕ ਨਾਮਜ਼ਦਗੀ ਪ੍ਰਕਿਰਿਆ ਹੋਵੇਗੀ। 29 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਛਾਣਬੀਣ ਹੋਵੇਗੀ, 31 ਜਨਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਾਰੀਕ ਹੋਵੇਗੀ। ਇਸ ਵਾਰ ਉਮੀਦਵਾਰਾਂ ਨੂੰ ਆਨਲਾਈਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਪਸ਼ਨ ਵੀ ਦਿੱਤੀ ਗਈ ਹੈ। ਪੰਜਾਬ ਵਿੱਚ ਚੋਣ ਪ੍ਰਕਿਰਿਆ ਇਸ ਵਾਰ 25 ਦਿਨਾਂ ਦੀ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਇਸ ਵਾਰ ਚੋਣਾਂ ਕੋਵਿਡ ਪ੍ਰੋਟੋਕੋਲ ਤਹਿਤ ਹੋਣਗੀਆਂ ਭਾਵ ਸੇਫ ਚੋਣਾਂ ਹੋਣਗੀਆਂ। ਸਾਰੇ ਚੋਣ ਅਧਿਕਾਰੀ ਕੋਰੋਨਾ ਵੈਕਸੀਨ ਲਗਵਾਉਣਗੇ ਅਤੇ ਇਸ ਤੋਂ ਇਲਾਵਾ ਚੋਣ ਅਧਿਕਾਰੀਆਂ ਨੂੰ ਬੂਸਟਰ ਡੋਜ਼ ਵੀ ਦਿੱਤੀ ਜਾਵੇਗੀ।ਪੰਜਾਬ ਵਿੱਚ ਪ੍ਰਤੀ ਪੋਲਿੰਗ ਬੂਥ 862 ਵੋਟਰਾਂ ਦੀ ਗਿਣਤੀ ਮੁਕੱਰਰ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਉਪਰ ਵੀ ਸਖਤਾਈ ਕਰਦੇ ਹੋਏ ਹਦਾਇਤ ਕੀਤੀ ਹੈ ਕਿ ਦਾਗ਼ੀ ਉਮੀਦਵਾਰਾਂ ਨੂੰ ਟਿਕਟ ਦੇਣ ਸਬੰਧੀ ਸਿਆਸੀ ਪਾਰਟੀਆਂ ਨੂੰ ਆਪਣੀ ਵੈੱਬਸਾਈਟ ਉਪਰ ਕਾਰਨ ਦੱਸਣਾ ਪਵੇਗਾ ਭਾਵ ਕਿ ਜੇ ਕੋਈ ਸਿਆਸੀ ਪਾਰਟੀ ਕਿਸੇ ਅਪਰਾਧਿਕ ਉਮੀਦਵਾਰਾਂ ਨੂੰ ਟਿਕਟ ਦਿੰਦੀ ਹੈ ਤਾਂ ਇਸ ਦਾ ਕਾਰਨ ਉਸ ਸਿਆਸੀ ਪਾਰਟੀ ਨੂੰ ਆਪਣੀ ਵੈੱਬਸਾਈਟ ਉਪਰ ਦਰਜ ਕਰਨਾ ਪਵੇਗਾ।ਸਾਰੇ ਪੋਲਿੰਗ ਬੂਥਾਂ ਉਪਰ ਈਵੀਐਮ ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ। ਚੋਣ ਖ਼ਰਚੇ ਦੀ ਹੱਦ ਵਧਾਉਂਦੇ ਹੋਏ ਪੰਜਾਬ ‘ਚ ਇਸ ਵਾਰ ਉਮੀਦਵਾਰਾਂ ਨੂੰ 40 ਲੱਖ ਰੁਪਏ ਖਰਚਣ ਦੀ ਇਜਾਜ਼ਤ ਦਿੱਤੀ ਗਈ ਹੈ।ਚੋਣ ਕਮਿਸ਼ਨ ਨੇ ਇਸ ਵਾਰ ਸਿਆਸੀ ਪਾਰਟੀਆਂ ਨੂੰ ਡਿਜੀਟਲ ਪ੍ਰਚਾਰ ਵੱਲ ਜ਼ਿਆਦਾ ਧਿਆਨ ਦੇਣ ਲਈ ਕਿਹਾ ਹੈ। ਰਾਤ 8 ਵਜੇ ਤੋਂ ਸਵੇਰ 8 ਵਜੇ ਤਕ ਕਪੇਨ ਕਰਫ਼ਿਊ ਰਹੇਗਾ। ਚੋਣ ਕਮਿਸ਼ਨ ਨੇ 15 ਜਨਵਰੀ ਤਕ ਹਰ ਤਰ੍ਹਾਂ ਦੇ ਚੋਣ ਪ੍ਰਚਾਰ ਉਪਰ ਪਾਬੰਦੀਆਂ ਤਾਂ ਲਗਾ ਦਿੱਤੀਆਂ ਹਨ ਪਰ ਦੇਖਣਾ ਹੋਵੇਗਾ ਕਿ ਸਿਆਸੀ ਪਾਰਟੀਆਂ ਇਨ੍ਹਾਂ ਪਾਬੰਦੀਆਂ ਦੀ ਕਿੰਨੀ ਕੁ ਪਾਲਣਾ ਕਰਦੀਆਂ ਹਨ ਕਿਉਂਕਿ ਚੋਣ ਕਮਿਸ਼ਨ ਅਨੁਸਾਰ ਇੱਕ ਉਮੀਦਵਾਰ ਆਪਣੇ ਨਾਲ ਸਿਰਫ ਪੰਜ ਵਿਅਕਤੀ ਲੈ ਕੇ ਡੋਰ ਟੂ ਡੋਰ ਪ੍ਰਚਾਰ ਕਰ ਸਕਦਾ ਹੈ ਪ੍ਰੰਤੂ ਕੁਝ ਸਿਆਸੀ ਨੇਤਾਵਾਂ ਨੂੰ ਬਾਡੀਗਾਰਡਾਂ ਦੀ ਫ਼ੌਜ ਮਿਲੀ ਹੋਈ ਹੈ ਜਿਸ ਸਬੰਧੀ ਚੋਣ ਕਮਿਸ਼ਨ ਨੇ ਸਪਸ਼ਟ ਨਹੀਂ ਕੀਤਾ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਲੋਕ ਵੈਲੇਨਟਾਈਨ ਡੇਅ ਭਾਵ (ਪਿਆਰ ਦਾ ਦਿਨ) ਦੇ ਤੌਰ ‘ਤੇ ਮਨਾਉਂਦੇ ਹਨ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਕਿਸ ਸਿਆਸੀ ਪਾਰਟੀ ਵੈਲੇਨਟਾਈਨ ਡੇਅ ਵਾਲੇ ਦਿਨ ਪਿਆਰ ਦੀ ਜੱਫੀ ਪਾਉਂਦੇ ਹਨ।