ਵੱਡੇ ਲੀਡਰਾਂ ਦੇ ਪਿੰਡਾਂ ਦੇ ਸਕੂਲਾਂ ‘ਚ ਵੀ ਘੱਟ ਗਏ ਦਾਖ਼ਲੇ
ਬਰਨਾਲਾ, 23,ਮਈ, Gee98 News service
-ਅਨੇਕਾਂ ਯਤਨਾਂ ਦੇ ਬਾਵਜੂਦ ਵੀ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਆਪਣੇ ਬੱਚੇ ਪੜਾਉਣ ਪ੍ਰਤੀ ਲੋਕਾਂ ਦਾ ਰੁਝਾਨ ਵੱਧ ਨਹੀਂ ਰਿਹਾ। ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਦਾਖਲੇ ਵਧਾਉਣ ਲਈ ਸਰਕਾਰ ਨੇ ਮਾਸਟਰਾਂ ਨੂੰ ਪਿੰਡਾਂ ਦੀਆਂ ਗਲੀਆਂ ਵਿੱਚ ਵੀ ਤੋਰ ਦਿੱਤਾ ਪਰ ਇਸ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਦਾਖਲਿਆਂ ਦੇ ਅੰਕੜੇ ਵਧਣ ਦੀ ਬਜਾਏ ਘਟਣ ਦੇ ਅੰਕੜੇ ਸਾਹਮਣੇ ਆ ਰਹੇ ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਕੁਝ ਪਿੰਡਾਂ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਦਾਖਲੇ ਪਿਛਲੇ ਸੈਸ਼ਨ ਨਾਲੋਂ ਘਟਣ ਦੇ ਅੰਕੜੇ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਹਲਕਾ ਮਹਿਲ ਕਲਾਂ ‘ਚ ਆਪ ਦੇ ਵੱਡੇ ਲੀਡਰਾਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਦਾਖਲੇ ਪਹਿਲਾਂ ਨਾਲੋਂ ਘਟੇ ਹਨ। ਇਨਾਂ ਅੰਕੜਿਆਂ ਅਨੁਸਾਰ “ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ” ਚ ਸੈਸ਼ਨ 2024-25 ਨਾਲੋਂ ਸੈਸ਼ਨ 2025-26 ਵਿੱਚ 22 ਬੱਚੇ ਘੱਟ ਦਾਖਲ ਹੋਏ ਹਨ। ਦੱਸ ਦੇਈਏ ਕਿ ਪੀਐਮ ਸ੍ਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਵਿਕਾਸ ਅਤੇ ਸਹੂਲਤਾਂ ‘ਤੇ ਕਰੋੜਾਂ ਰੁਪਏ ਦਾ ਬਜਟ ਖਰਚ ਕਰਨ ਦਾ ਪ੍ਰੋਜੈਕਟ ਹੈ ਪਰੰਤੂ ਇਸਦੇ ਬਾਵਜੂਦ ਵੀ ਅਜਿਹੇ ਸਕੂਲਾਂ ਪ੍ਰਤੀ ਲੋਕਾਂ ਦਾ ਰੁਝਾਨ ਨਹੀਂ ਹੈ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਗੰਗੋਹਰ ਵਿੱਚ ਇਸ ਵਾਰ ਪਿਛਲੇ ਸੈਸ਼ਨ ਨਾਲੋਂ 16 ਬੱਚੇ ਘੱਟ ਦਾਖਲ ਹੋਏ ਹਨ। ਇਹ ਉਹੀ ਸਕੂਲ ਹੈ ਜਿੱਥੋਂ ਦਾ ਇੱਕ ਅਧਿਆਪਕ ਆਪਣੇ ਸਕੂਲ ‘ਚ ਆਪਣੀ ਵਿਦਿਅਕ ਡਿਊਟੀ ਨੂੰ ਛੱਡ ਕੇ ਹਲਕੇ ਦੇ ਪਿੰਡਾਂ ‘ਚ ਸਿੱਖਿਆ ਕ੍ਰਾਂਤੀ ਦੀ ਮਿਸ਼ਾਲ ਲੈ ਕੇ ਘੁੰਮ ਰਿਹਾ ਪ੍ਰੰਤੂ ਇਸ ਦੇ ਆਪਣੇ ਸਕੂਲ ਵਿੱਚ ਇਸ ਮਿਸ਼ਾਲ ਦੀ ਲੋਅ ਮੱਠੀ ਪੈ ਰਹੀ ਹੈ। ਜੇਕਰ ਘਟੇ ਹੋਏ ਦਾਖਲਿਆਂ ਦੀ ਔਸਤ ਦਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਮਿਡਲ ਸਕੂਲ ਗੰਗੋਹਰ ਵਿੱਚ ਦਾਖਲੇ ਘਟਣ ਦੀ 32 ਫੀਸਦੀ ਦਰ ਬਾਕੀ ਸਕੂਲਾਂ ਨਾਲੋਂ ਵੱਧ ਹੈ। ਸਰਕਾਰੀ ਹਾਈ ਸਕੂਲ ਭੋਤਨਾ ਵਿੱਚ ਵੀ ਪਿਛਲੇ ਸੈਸ਼ਨ ਨਾਲੋਂ ਇਸ ਵਾਰ 14 ਬੱਚਿਆਂ ਦੀ ਗਿਣਤੀ ਘਟੀ ਹੈ ਅਤੇ ਸਰਕਾਰੀ ਹਾਈ ਸਕੂਲ ਨੰਗਲ ਵਿੱਚ ਵੀ 12 ਬੱਚਿਆਂ ਦੀ ਗਿਣਤੀ ਘਟੀ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੈਰੇ ਅਤੇ ਸਰਕਾਰੀ ਹਾਈ ਸਕੂਲ ਗੁਰਮ ਵਿੱਚ ਵੀ ਕਰਮਵਾਰ 11-11 ਬੱਚਿਆਂ ਦੀ ਗਿਣਤੀ ਪਿਛਲੇ ਸੈਸ਼ਨ ਨਾਲੋਂ ਘਟੀ ਹੈ। ਨਵੇਂ ਸੈਸ਼ਨ ਦੇ ਇਹਨਾਂ ਅੰਕੜਿਆਂ ਅਨੁਸਾਰ ਸ਼ਹੀਦ ਸਿਪਾਹੀ ਧਰਮਵੀਰ ਕੁਮਾਰ ਸੀਨੀਅਰ ਸੈਕੰਡਰੀ ਸਕੂਲ ਬਖਤਗੜ੍ਹ, ਸਰਕਾਰੀ ਮਿਡਲ ਸਕੂਲ ਚੌਹਾਨਕੇ ਕਲਾਂ, ਸਰਕਾਰੀ ਹਾਈ ਸਕੂਲ ਬੀਹਲਾ, ਸਰਕਾਰੀ ਮਿਡਲ ਸਕੂਲ ਪੰਡੋਰੀ, ਸਰਕਾਰੀ ਹਾਈ ਸਕੂਲ ਕੁਰੜ ਵਿੱਚ ਵੀ ਪਿਛਲੇ ਸੈਸ਼ਨ ਨਾਲੋਂ ਬੱਚਿਆਂ ਦੇ ਦਾਖਲਿਆਂ ਦੀ ਗਿਣਤੀ ਘਟੀ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਮਿਡਲ ਸਕੂਲ ਪੰਡੋਰੀ ਹਲਕਾ ਵਿਧਾਇਕ ਦਾ ਜੱਦੀ ਪਿੰਡ ਹੈ, ਜਿੱਥੇ ਛੇਵੀਂ ਕਲਾਸ ਵਿੱਚ ਪਿਛਲੇ ਸੈਸ਼ਨ ਨਾਲੋਂ 9 ਬੱਚੇ ਘੱਟ ਦਾਖਿਲ ਹੋਏ ਹਨ ਭਾਵ ਕਿ ਪਿੰਡ ਵਿੱਚੋਂ ਹੀ ਪੰਜਵੀਂ ਪਾਸ ਕਰਨ ਵਾਲੇ 9 ਬੱਚਿਆਂ ਨੇ ਪਿੰਡ ਦੇ ਸਕੂਲ ਨੂੰ ਪਹਿਲ ਦੇਣ ਦੀ ਬਜਾਏ ਆਸ ਪਾਸ ਦੇ ਪਿੰਡਾਂ ਦੇ ਸਕੂਲਾਂ ਦੀ ਚੋਣ ਕੀਤੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਵਿਧਾਇਕ ਸਾਹਿਬ ਦੇ ਆਪਣੇ ਪਿੰਡ ਵਿੱਚ ਹੀ ਸਿੱਖਿਆ ਕ੍ਰਾਂਤੀ ਦੀ ਲੋਅ ਮੱਠੀ ਹੋਣ ਕਾਰਨ ਲੋਕਾਂ ਦਾ ਰੁਝਾਨ ਪਿੰਡ ਦੇ ਸਰਕਾਰੀ ਸਕੂਲ ਵਿੱਚ ਬੱਚੇ ਪੜਾਉਣ ਵੱਲ ਨਹੀਂ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਉਹ ਸਕੂਲ ਹਨ ਜਿਹਨਾਂ ਵਿੱਚ 2022 ਤੋਂ ਲੈ ਕੇ ਸਰਕਾਰ ਨੇ ਬੁਨਿਆਦੀ ਢਾਂਚੇ ਸਮੇਤ ਹਰ ਤਰ੍ਹਾਂ ਦੇ ਵਿਕਾਸ ‘ਤੇ ਕਰੋੜਾਂ ਰੁਪਏ ਦੀਆਂ ਗਰਾਂਟਾਂ ਖਰਚ ਕੀਤੀਆਂ ਹਨ ਪਰੰਤੂ ਇਸ ਦੇ ਬਾਵਜੂਦ ਵੀ ਲੋਕਾਂ ਦਾ ਰੁਝਾਨ ਇਹਨਾਂ ਸਕੂਲਾਂ ਵੱਲ ਨਹੀਂ ਵਧਿਆ, ਜਿਸ ਦਾ ਇੱਕੋ ਇੱਕ ਕਾਰਨ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੱਡੀ ਪੱਧਰ ‘ਤੇ ਖਾਲੀ ਹਨ। ਇਹ ਅੰਕੜੇ ਹਲਕਾ ਮਹਿਲਕਲਾਂ ਨਾਲ ਸੰਬੰਧਿਤ ਕੁਝ ਕੁ ਪਿੰਡਾਂ ਦੇ ਹਨ ਜਦਕਿ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਇਸ ਸੈਸ਼ਨ ਵਿੱਚ ਦਾਖਲ ਹੋਏ ਬੱਚਿਆਂ ਦੇ ਅੰਕੜਿਆਂ ਦੀ ਸੂਚੀ ਪਿਛਲੇ ਸੈਸ਼ਨ ਨਾਲੋਂ ਬਹੁਤੀ ਚੰਗੀ ਨਹੀਂ ਹੈ। ਲੋਕ ਇਹ ਮੰਨ ਰਹੇ ਹਨ ਕਿ ਜੇਕਰ ਸਕੂਲਾਂ ਵਿੱਚ ਅਧਿਆਪਕ ਹੀ ਨਹੀਂ ਤਾਂ ਬਿਨਾਂ ਅਧਿਆਪਕਾਂ ਤੋਂ ਵੱਡੀਆਂ-ਵੱਡੀਆਂ ਨਵੀਆਂ ਬਿਲਡਿੰਗਾਂ ਤੇ ਰੰਗ ਰੋਗਨ ਨਾਲ ਲਿੱਪੇ ਸਕੂਲ ਬੱਚਿਆਂ ਦਾ ਭਵਿੱਖ ਨਹੀਂ ਲਿਖ ਸਕਦੇ। ਸਰਕਾਰ ਸਕੂਲਾਂ ‘ਚ ਵਿਕਾਸ ਕਾਰਜਾਂ ਉਪਰ ਤਾਂ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰੰਤੂ ਸਕੂਲੀ ਸਿੱਖਿਆ ਨਾਲ ਸੰਬੰਧਿਤ ਬੱਚਿਆਂ ਨੂੰ ਸਮੇਂ ਸਿਰ ਕਿਤਾਬਾਂ ਦੇਣੀਆਂ ਅਤੇ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਭਰਨ ਵੱਲ ਸਰਕਾਰ ਦਾ ਧਿਆਨ ਨਹੀਂ ਜਿਸ ਕਰਕੇ ਲੋਕਾਂ ਦਾ ਸਰਕਾਰੀ ਸਕੂਲਾਂ ਪ੍ਰਤੀ ਰੁਝਾਨ ਘਟ ਰਿਹਾ ਹੈ। ਲੋਕ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਮੰਗ ਰਹੇ ਹਨ ਪਰੰਤੂ ਸਰਕਾਰ ਰੰਗ ਰੋਗਨ ਦੀ ਚਮਕ ਨਾਲ ਲੋਕਾਂ ਨੂੰ ਸਰਕਾਰੀ ਸਕੂਲਾਂ ਵੱਲ ਖਿੱਚ ਰਹੀ ਹੈ। ਬਰਨਾਲਾ ਜ਼ਿਲ੍ਹੇ ‘ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਸੂਰਤੇ ਹਾਲਾਤ ਇਹ ਹਨ ਕਿ ਜ਼ਿਲ੍ਹੇ ਦੇ ਐਮੀਨੈਂਸ ਸਕੂਲਾਂ ‘ਚ ਵੀ ਵੱਡੀ ਪੱਧਰ ‘ਤੇ ਅਸਾਮੀਆਂ ਖਾਲੀ ਹਨ।