ਬਰਨਾਲਾ, 24 ਮਾਰਚ, (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਪੁੱਜ ਚੁੱਕਾ ਹੈ। ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬ ਦੇ ਸਿਹਤ ਮੰਤਰੀ ਤੋਂ ਵਿਧਾਨ ਸਭਾ ਰਾਹੀਂ ਸਵਾਲ ਨੰਬਰ 1444 ਲਗਾ ਕੇ ਪੁੱਛਿਆ ਹੈ ਕਿ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਦਾ ਕੀ ਸਟੇਟਸ ਹੈ, ਇਹ ਕਦੋਂ ਤੱਕ ਹੋ ਜਾਵੇਗੀ ਅਤੇ ਜੇਕਰ ਨਹੀਂ ਹੋਵੇਗੀ ਤਾਂ ਇਸ ਦੇ ਨਾ ਹੋਣ ਦੇ ਕੀ ਕਾਰਨ ਹਨ ? ਵਿਧਾਇਕ ਢਿੱਲੋਂ ਦੇ ਇਸ ਸਵਾਲ ਨੇ ਸਰਕਾਰ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ ਕਿਉਂਕਿ ਸਿਹਤ ਵਿਭਾਗ ਨੇ ਵਿਧਾਇਕ ਢਿੱਲੋਂ ਦੇ ਸਵਾਲ ਦਾ ਜਵਾਬ ਦੇਣ ਲਈ ਸਪੀਕਰ ਤੋਂ ਹੋਰ ਸਮੇਂ ਦੀ ਮੰਗ ਕੀਤੀ ਹੈ ਜੋ ਸਪੱਸ਼ਟ ਕਰਦਾ ਹੈ ਕਿ ਹਸਪਤਾਲ ਦੀ ਮਨਜ਼ੂਰੀ ਤੋਂ ਬਾਅਦ ਮੌਜੂਦਾ ਸਰਕਾਰ ਵੱਲੋਂ ਇਸ ਹਸਪਤਾਲ ਦੇ ਪ੍ਰੋਜੈਕਟ ਨੂੰ ਰੱਦ ਕਰਨ ਦਾ ਮਾਮਲਾ ਕੁਝ ਟੇਢਾ ਹੈ। ਭਾਵੇਂ ਕਿ ਵਿਧਾਇਕ ਢਿੱਲੋਂ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਜਵਾਬ ਦੇਣ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ ਪ੍ਰੰਤੂ ਸਰਕਾਰ ਨੂੰ ਇਹ ਦੱਸਣਾ ਪਵੇਗਾ ਕਿ ਹੰਡਿਆਇਆ ਵਿਖੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਦਾ ਪ੍ਰੋਜੈਕਟ ਮੌਜੂਦਾ ਆਪ ਸਰਕਾਰ ਵੱਲੋਂ ਰੱਦ ਕਿਉਂ ਕੀਤਾ ਗਿਆ ਹੈ। ਸਰਕਾਰ ਇਸ ਮਾਮਲੇ ‘ਚ ਕਸੂਤੀ ਇਸ ਕਰਕੇ ਵੀ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰੋਜੈਕਟ ਰੱਦ ਕਰਨ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਲਾਨ ਕੀਤਾ ਸੀ ਕਿ ਹਸਪਤਾਲ ਵਾਲੀ ਜਗ੍ਹਾ ‘ਤੇ ਵੱਡਾ ਖੇਡ ਸਟੇਡੀਅਮ ਬਣਾਇਆ ਜਾਵੇਗਾ ਪਰੰਤੂ ਪ੍ਰੋਜੈਕਟ ਰੱਦ ਹੋਣ ਤੋਂ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਖੇਡ ਸਟੇਡੀਅਮ ਬਣਾਉਣ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਆਪ ਸਰਕਾਰ ਨੇ ਇਸ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਪ੍ਰੋਜੈਕਟ ਸਿਰਫ਼ ਇਸੇ ਕਰਕੇ ਰੱਦ ਕਰ ਦਿੱਤਾ ਤਾਂ ਜੋ ਇਸਦਾ ਸਿਹਰਾ ਪਿਛਲੀ ਸਰਕਾਰ ਦੇ ਸਿਰ ‘ਤੇ ਨਾ ਸੱਜ ਜਾਵੇ। ਆਮ ਲੋਕ ਵੀ ਇਹੀ ਮੰਨ ਰਹੇ ਹਨ ਕਿ ਮੌਜੂਦਾ ਆਪ ਸਰਕਾਰ ਨੇ ਇਸ ਹਸਪਤਾਲ ਦਾ ਪ੍ਰੋਜੈਕਟ ਬਿਨਾਂ ਕਿਸੇ ਠੋਸ ਕਰਨ ਤੋਂ ਸਿਆਸੀ ਈਰਖਾ ਦੇ ਕਾਰਨ ਹੀ ਰੱਦ ਕੀਤਾ ਹੈ ਕਿਉਂਕਿ ਪ੍ਰੋਜੈਕਟ ਰੱਦ ਕਰਨ ਤੋਂ ਬਾਅਦ ਸਰਕਾਰ ਨੇ ਉਸੇ ਜਗ੍ਹਾ ‘ਤੇ ਖੇਡ ਸਟੇਡੀਅਮ ਬਣਾਉਣ ਸਬੰਧੀ ਅਜੇ ਪੂਣੀ ਤੱਕ ਵੀ ਨਹੀਂ ਕੱਤੀ। ਹੁਣ ਵੇਖਣਾ ਹੋਵੇਗਾ ਕਿ ਵਿਧਾਇਕ ਢਿੱਲੋਂ ਵੱਲੋਂ ਵਿਧਾਨ ਸਭਾ ‘ਚ ਕੀਤੇ ਗਏ ਸਵਾਲ ਦੇ ਜਵਾਬ ‘ਚ ਸਿਹਤ ਵਿਭਾਗ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਦੇ ਮਾਮਲੇ ਵਿੱਚ ਕੀ ਜਵਾਬ ਦਿੰਦਾ ਹੈ। ਯਕੀਨਨ ਸਿਹਤ ਵਿਭਾਗ ਦਾ ਜਵਾਬ ਇਹੋ ਹੋਵੇਗਾ ਕਿ ਹਸਪਤਾਲ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਪ੍ਰੰਤੂ ਸਰਕਾਰ ਨੂੰ ਇਹ ਦੱਸਣਾ ਮੁਸ਼ਕਿਲ ਹੋਵੇਗਾ ਕਿ ਰੱਦ ਕਿਉਂ ਕੀਤਾ ਗਿਆ, ਕਿਉਂਕਿ ਜੇਕਰ ਸਰਕਾਰ ਇਹ ਦੱਸੇਗੀ ਕਿ ਉੱਥੇ ਖੇਡ ਸਟੇਡੀਅਮ ਬਣਾਉਣ ਕਰਕੇ ਹਸਪਤਾਲ ਦਾ ਪ੍ਰੋਜੈਕਟ ਰੱਦ ਕੀਤਾ ਗਿਆ ਤਾਂ ਵੀ ਸਰਕਾਰ ਦੇ ਸਵਾਲ ਉੱਠਦੇ ਹਨ ਕਿ ਜੇਕਰ ਸਿਹਤ ਸਹੂਲਤਾਂ ਚੰਗੀਆਂ ਮਿਲਣ ਕਰਕੇ ਲੋਕਾਂ ਦੀ ਸਿਹਤ ਚੰਗੀ ਹੋਵੇਗੀ ਤਾਂ ਹੀ ਲੋਕ ਖੇਡਾਂ ਵੱਲ ਪ੍ਰੇਰਿਤ ਹੋਣਗੇ ਕਿਉਂਕਿ ਮਾੜੀ ਸਿਹਤ ਨਾਲ ਤਾਂ ਸਟੇਡੀਅਮ ਦੇ ਗਰਾਊਂਡ ਦਾ ਤੁਰ ਕੇ ਵੀ ਚੱਕਰ ਨਹੀਂ ਲਗਾਇਆ ਜਾ ਸਕਦਾ। ਇਹ ਪ੍ਰੋਜੈਕਟ ਰੱਦ ਕਰਨ ਦੇ ਮੁੱਦੇ ‘ਤੇ ਸਰਕਾਰ ‘ਤੇ ਸਵਾਲ ਇਸ ਕਰਕੇ ਵੀ ਉੱਠਣਗੇ ਕਿਉਂਕਿ ਬਰਨਾਲਾ ਦਾ ਸਿਵਲ ਹਸਪਤਾਲ ਮਾੜੀਆਂ ਸਿਹਤ ਸਹੂਲਤਾਂ ਕਰਕੇ ਅਕਸਰ ਚਰਚਾ ਵਿੱਚ ਰਹਿੰਦਾ ਹੈ ਅਤੇ ਰੈਫ਼ਰਲ ਹਸਪਤਾਲ ਹੀ ਬਣਿਆ ਹੋਇਆ ਹੈ।