ਚੰਡੀਗੜ੍ਹ ,23 ਫਰਵਰੀ, Gee98 news service
-ਜੇਕਰ ਤੁਸੀਂ ਕਿਧਰੇ ਉੱਚੀ ਬਿਲਡਿੰਗ ਵਿੱਚ ਜਾਣ ਲਈ ਲਿਫਟ ਦੀ ਵਰਤੋਂ ਕਰ ਰਹੇ ਹੋ ਤਾਂ ਇਹ ਧਿਆਨ ਰੱਖੋ ਕਿ ਤੁਹਾਡੇ ਨਾਲ ਲਿਫਟ ਵਿੱਚ ਕਿੰਨੇ ਵਿਅਕਤੀ ਹੋਰ ਹਨ ਭਾਵ ਕਿ ਲਿਫਟ ਓਵਰਲੋਡ ਤਾਂ ਨਹੀਂ ਹੈ। ਭਾਵੇਂ ਕਿ ਓਵਰਲੋਡ ਲਿਫਟ ਚਾਲੂ ਹੀ ਨਹੀਂ ਹੁੰਦੀ ਪਰ ਕਈ ਵਾਰੀ ਜੇਕਰ ਅਜਿਹਾ ਹੋ ਵੀ ਜਾਵੇ ਤਾਂ ਲਿਫਟ ਦੇ ਵਿਚਕਾਰ ਰੁਕ ਜਾਣ ਦੇ ਜਿਆਦਾ ਮੌਕੇ ਹੁੰਦੇ ਹਨ। ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਸ਼ਨੀਵਾਰ ਦੇਰ ਸ਼ਾਮ ਇੱਕ ਅਜਿਹੀ ਘਟਨਾ ਵਾਪਰੀ ਜਿੱਥੇ 9 ਵਿਅਕਤੀ ਲਿਫਟ ਵਿੱਚ ਫਸ ਗਏ। ਇਹਨਾਂ ਵਿੱਚ ਦੋ ਤਿੰਨ ਜਣੇ ਐਨਆਰਆਈ ਵੀ ਸਨ। ਲਿਫਟ ਵਿੱਚ ਫਸ ਜਾਣ ਤੋਂ ਬਾਅਦ ਕਈ ਜਣੇ ਬੇਹੋਸ਼ ਵੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਸਾਰਿਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਹੁਣ ਪੁਲਿਸ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਿਫਟ ਦੀ ਤਕਨੀਕੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲਿਫਟ ਵਿੱਚ ਲੋਕਾਂ ਦੇ ਫਸਣ ਦਾ ਅਸਲ ਕਾਰਨ ਕੀ ਸੀ। ਮੰਨਿਆ ਜਾ ਰਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਹੀ ਲਿਫਟ ਵਿਚਕਾਰ ਰੁਕੀ ਹੋ ਸਕਦੀ ਹੈ। ਬਹਰਹਾਲ ! ਅਜਿਹੀਆਂ ਘਟਨਾਵਾਂ ਇਹ ਸੰਕੇਤ ਦਿੰਦੀਆਂ ਹਨ ਕਿ ਕਿਧਰੇ ਵੀ ਲਿਫਟ ਦੀ ਵਰਤੋਂ ਕਰਦੇ ਸਮੇਂ ਸੰਬੰਧਿਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਹੜੀ ਕਿ ਲੋਕਾਂ ਵੱਲੋਂ ਨਹੀਂ ਕੀਤੀ ਜਾਂਦੀ ਤੇ ਹਰ ਕੋਈ ਕਾਹਲੀ ਵਿੱਚ ਹੁੰਦਾ ਹੈ ਜਿਸ ਕਰਕੇ ਉਕਤ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਇਹ ਵੀ ਵੇਖਿਆ ਗਿਆ ਹੈ ਕਿ ਗਰਾਊਂਡ ਫਲੋਰ ਤੋਂ ਪਹਿਲੀ ਮੰਜ਼ਿਲ ‘ਤੇ ਜਾਣ ਲਈ ਵੀ ਲੋਕ ਲਿਫਟ ਦੀ ਵਰਤੋਂ ਕਰਦੇ ਹਨ, ਜਦ ਕਿ ਲਿਫਟ ਦੀ ਵਰਤੋਂ ਦੂਜੀ ਮੰਜ਼ਿਲ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਕਿਧਰੇ ਉੱਚੀ ਬਿਲਡਿੰਗ ਵਿੱਚ ਜਾਂਦੇ ਹੋ ਤਾਂ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਉਸ ਬਿਲਡਿੰਗ ਦੇ ਮੁਖੀ ਅਫਸਰ/ਅਧਿਕਾਰੀ/ਮਾਲਿਕ ਤੋਂ ਉੱਥੇ ਲੱਗੀ ਲਿਫ਼ਟ ਦੀ ਸਰਵਿਸ ਸਬੰਧੀ ਜਾਣਕਾਰੀ ਵੀ ਲੈਣੀ ਚਾਹੀਦੀ ਹੈ ਕਿਉਂਕਿ ਸਰਕਾਰੀ ਇਮਾਰਤਾਂ ਵਿੱਚ ਲੱਗੀ ਲਿਫਟ ਦਾ ਕੋਈ ਰਾਜਾ ਬਾਬੂ ਨਹੀਂ ਹੁੰਦਾ।
ਫੋਟੋ ਕੈਪਸ਼ਨ-ਲਿਫਟ ਵਿੱਚੋਂ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਦੇ ਹੋਏ ਸੁਰੱਖਿਆ ਕਰਮਚਾਰੀ