ਚੰਡੀਗੜ੍ਹ, 22 ਫਰਵਰੀ, Gee98 news service
-ਕੇਂਦਰ ਸਰਕਾਰ ਵੱਲੋਂ ਟੋਲ ਪਲਾਜ਼ਿਆਂ ‘ਤੇ ਟੋਲ ਟੈਕਸ ਕੱਟੇ ਜਾਣ ਸਬੰਧੀ ਰੋਜ਼ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਟੋਲ ਪਲਾਜ਼ਿਆਂ ਦੇ ਨਵੇਂ ਨਵੇਂ ਨਿਯਮਾਂ ਨੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਅਕਸਰ ਸੁਣਿਆ ਜਾਂਦਾ ਹੈ ਕਿ ਲੋਕਾਂ ਦੀਆਂ ਘਰੇ ਖੜੀਆਂ ਗੱਡੀਆਂ ਦੇ ਵੀ ਟੋਲ ਟੈਕਸ ਕੱਟੇ ਜਾ ਰਹੇ ਹਨ ਜਾਂ ਸਿੰਗਲ ਗੇੜੇ ‘ਤੇ ਵੀ ਡਬਲ ਟੋਲ ਟੈਕਸ ਕੱਟੇ ਜਾ ਰਹੇ ਹਨ। ਇਨਾਂ ਸ਼ਿਕਾਇਤਾਂ ਦੇ ਦੌਰਾਨ ਹੀ ਕੇਂਦਰ ਸਰਕਾਰ ਵੱਲੋਂ ਟੋਲ ਟੈਕਸ ਨਿਯਮਾਂ ‘ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਕੇਂਦਰੀ ਸੜਕ ਮੰਤਰਾਲੇ ਨੇ ਫਾਸਟੈਗ ਸੰਬੰਧੀ ਕੁਝ ਨਿਯਮ ਬਣਾਏ ਹਨ, ਜਿਨਾਂ ਨੂੰ ਸਫ਼ਰ ਕਰਦੇ ਸਮੇਂ ਧਿਆਨ ਵਿੱਚ ਰੱਖਣਾ ਹੋਵੇਗਾ ਨਹੀਂ ਤਾਂ ਤੁਹਾਡਾ ਕਾਰਡ ਬਲੈਕਲਿਸਟ ਕੀਤਾ ਜਾ ਸਕਦਾ ਹੈ। ਬਲੈਕਲਿਸਟ ਹੋਣ ਤੋਂ ਬਾਅਦ ਤੁਸੀਂ ਉਸ ਕਾਰਡ ਨਾਲ ਕੋਈ ਲੈਣ-ਦੇਣ ਨਹੀਂ ਕਰ ਸਕੋਗੇ। ਇਹਨਾਂ ਨਵੇਂ ਨਿਯਮਾਂ ਅਨੁਸਾਰ ਜੇ ਤੁਹਾਡੇ ਫਾਸਟੈਗ ਕਾਰਡ ‘ਤੇ ਟੋਲ ਬੂਥ ‘ਤੇ ਪਹੁੰਚਣ ਤੋਂ 60 ਮਿੰਟ ਪਹਿਲਾਂ ਅਤੇ ਟੋਲ ਪਲਾਜ਼ਾ ਪਾਰ ਕਰਨ ਤੋਂ 10 ਮਿੰਟ ਬਾਅਦ ਤੱਕ ਘੱਟ ਬੈਲੈਂਸ ਹੁੰਦਾ ਹੈ ਤਾਂ ਤੁਹਾਡੇ ਕਾਰਡ ਤੋਂ ਕੋਈ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਲੈਣ-ਦੇਣ ਨਹੀਂ ਹੁੰਦਾ ਤਾਂ ਤੁਹਾਡਾ ਕਾਰਡ ਬਲੈਕਲਿਸਟ ਕੀਤਾ ਜਾਵੇਗਾ ਤੇ ਬਲੈਕਲਿਸਟ ਕੀਤੇ ਜਾਣ ਤੋਂ ਬਾਅਦ ਤੁਹਾਨੂੰ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ। ਇਸ ਦੇ ਲਈ ਤੁਹਾਡੇ ਕਾਰਡ ਵਿੱਚ ਘੱਟੋ-ਘੱਟ ਓਨੀ ਰਕਮ ਹੋਣੀ ਜ਼ਰੂਰੀ ਹੈ ਜਿੰਨੀ ਉਸ ਟੋਲ ਪਲਾਜ਼ਾ ਨੂੰ ਪਾਰ ਕਰਨ ਲਈ ਜ਼ਰੂਰੀ ਹੈ। ਫਾਸਟੈਗ ਉਪਭੋਗਤਾਵਾਂ ਲਈ ਇੱਕ ਸਹੂਲਤ ਪ੍ਰਦਾਨ ਕੀਤੀ ਗਈ ਹੈ ਕਿ ਉਹ ਹੁਣ ਟੋਲ ਬੂਥ ‘ਤੇ ਪਹੁੰਚਣ ਤੋਂ 70 ਮਿੰਟ ਪਹਿਲਾਂ ਆਪਣੇ ਫਾਸਟੈਗ ਕਾਰਡ ਵਿੱਚ ਬਕਾਇਆ ਚੈੱਕ ਕਰ ਸਕਦੇ ਹਨ। ਜੇ ਤੁਸੀਂ ਲੈਣ-ਦੇਣ ਕਰਨ ਦੇ 10 ਮਿੰਟਾਂ ਦੇ ਅੰਦਰ ਕਾਰਡ ਰੀਚਾਰਜ ਕਰਦੇ ਹੋ, ਤਾਂ ਤੁਸੀਂ ਜੁਰਮਾਨਾ ਰਿਫੰਡ ਲਈ ਅਰਜ਼ੀ ਦੇ ਸਕਦੇ ਹੋ, ਜਿਸ ਨਾਲ ਤੁਹਾਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ ਤੇ ਕਾਰਡ ਵਿੱਚੋਂ ਸਿਰਫ਼ ਟੋਲ ਟੈਕਸ ਲਈ ਲੋੜੀਂਦੀ ਰਕਮ ਹੀ ਕੱਟੀ ਜਾਵੇਗੀ। ਜੇ ਟੋਲ ਪਾਰ ਕਰਨ ਦੇ 15 ਮਿੰਟਾਂ ਦੇ ਅੰਦਰ ਤੁਹਾਡੇ ਕਾਰਡ ਤੋਂ ਲੈਣ-ਦੇਣ ਨਹੀਂ ਹੁੰਦਾ ਤਾਂ ਤੁਹਾਨੂੰ ਇਸਦੇ ਲਈ ਵਾਧੂ ਚਾਰਜ ਦੇਣਾ ਪਵੇਗਾ। ਜੇ ਤੁਸੀਂ ਵਾਧੂ ਪੈਸੇ ਨਹੀਂ ਦੇਣਾ ਚਾਹੁੰਦੇ ਤਾਂ ਸਮਾਂ ਸੀਮਾ ਦੇ ਅੰਦਰ ਟੋਲ ਟੈਕਸ ਦਾ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ।