ਚੰਡੀਗੜ੍ਹ,28 ਜਨਵਰੀ, Gee98 News service
-ਕਈ ਵਾਰ ਕਿਸੇ ਮਰਦ ਤੇ ਔਰਤ ਦਾ ਘਰ ਤੋਂ ਬਾਹਰ ਕਿਸੇ ਨਾਲ ਰਿਸ਼ਤਾ ਜੁੜ ਜਾਂਦਾ ਹੈ ਪ੍ਰੰਤੂ ਜਦੋਂ ਸਮਾਜ ਪਰਿਵਾਰ ਨੂੰ ਕੋਈ ਰੁਤਬਾ ਦੇ ਦੇਵੇ ਤਾਂ ਅਜਿਹੇ ਰਿਸ਼ਤੇ ਬਦਨਾਮੀ ਦਾ ਕਾਰਨ ਵੀ ਬਣ ਜਾਂਦੇ ਹਨ। ਅਜਿਹੀ ਇੱਕ ਕਹਾਣੀ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਮੌਜੂਦਾ ਸਰਪੰਚ ਨਾਲ ਵਾਪਰੀ। ਸਰਪੰਚ ਦੀ ਪਤਨੀ ਕਿਸੇ ਗ਼ੈਰ ਮਰਦ ਨਾਲ ਪਠਾਨਕੋਟ ਦੇ ਇੱਕ ਹੋਟਲ ਵਿੱਚ ਗਈ ਉੱਥੇ ਇੱਕ ਕਮਰਾ ਕਿਰਾਏ ਤੇ ਲਿਆ, ਦੋਵਾਂ ਜਣਿਆਂ ਨੂੰ ਕਮਰੇ ‘ਚ ਵੜਿਆ ਅਜੇ 15 ਕੁ ਮਿੰਟ ਹੀ ਹੋਏ ਸਨ ਕਿ ਉੱਪਰੋਂ ਸਰਪੰਚ ਆ ਗਿਆ ਤੇ ਹੋਟਲ ਦੀ ਰਿਸੈਪਸ਼ਨਿਸਟ ਤੋਂ ਪੁੱਛ ਪੜਤਾਲ ਕਰਕੇ ਸਿੱਧਾ ਕਮਰੇ ‘ਚ ਚਲਿਆ ਗਿਆ ਜਿੱਥੇ ਉਸਦੀ ਪਤਨੀ ਕਿਸੇ ਗ਼ੈਰ ਮਰਦ ਨਾਲ ਮੌਜੂਦ ਸੀ। ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਨਾਲ ਹੋਟਲ ਦੇ ਕਮਰੇ ‘ਚ ਦੇਖ ਕੇ ਸਰਪੰਚ ਆਪੇ ਤੋਂ ਬਾਹਰ ਹੋ ਗਿਆ ਤੇ ਉਸ ਨੇ ਗ਼ੈਰ ਮਰਦ ਤੇ ਆਪਣੀ ਪਤਨੀ ਨਾਲ ਹੱਥੋਪਾਈ ਕੀਤੀ ਅਤੇ ਤੈਸ਼ ਵਿੱਚ ਸਰਪੰਚ ਨੇ ਆਪਣਾ ਪਿਸਟਲ ਕੱਢ ਕੇ ਗੋਲੀ ਵੀ ਚਲਾ ਦਿੱਤੀ। ਇਸੇ ਦੌਰਾਨ ਸਰਪੰਚ ਦੀ ਆਪਣੀ ਪਤਨੀ ਅਤੇ ਉਸ ਦੇ ਗ਼ੈਰ ਮਰਦ ਨਾਲ ਹੱਥੋਪਾਈ ਦੌਰਾਨ ਸਰਪੰਚ ਦਾ ਪਿਸਤੌਲ ਡਿੱਗ ਪਿਆ ਅਤੇ ਮੌਕਾ ਬਚਾ ਕੇ ਸਰਪੰਚ ਦੀ ਪਤਨੀ ਅਤੇ ਉਸ ਦੇ ਨਾਲ ਆਇਆ ਵਿਅਕਤੀ ਹੋਟਲ ਵਿੱਚੋਂ ਨਿਕਲ ਗਏ। ਹੋਟਲ ਦੇ ਪ੍ਰਬੰਧਕਾਂ ਨੇ ਸਾਰੀ ਘਟਨਾ ਤੇ ਹੋਟਲ ਵਿੱਚ ਗੋਲੀ ਚੱਲਣ ਦੀ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਵੱਲੋਂ ਹੋਟਲ ਦੇ ਮੈਨੇਜਰ ਦੀ ਸ਼ਿਕਾਇਤ ‘ਤੇ ਸਰਪੰਚ, ਉਸਦੀ ਪਤਨੀ ਅਤੇ ਉਸਦੇ ਪਤਨੀ ਨਾਲ ਆਏ ਵਿਅਕਤੀ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ। ਇਸ ਮਾਮਲੇ ਚ ਇੱਕ ਮੌਜੂਦਾ ਸਰਪੰਚ ਦੀ ਸ਼ਮੂਲੀਅਤ ਕਾਰਨ ਕੋਈ ਪੁਲਿਸ ਅਧਿਕਾਰੀ ਮੁਕੱਦਮੇ ਸੰਬੰਧੀ ਬਹੁਤੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਬਹਰਰਾਲ ! ਪਿੰਡ ਵਾਲਿਆਂ ਵੱਲੋਂ ਸਰਪੰਚੀ ਦੇ ਕੇ ਪਰਿਵਾਰ ਨੂੰ ਦਿੱਤੀ ਇੱਜ਼ਤ ਤੋਂ ਬਾਅਦ ਸਰਪੰਚ ਦੀ ਪਤਨੀ ਵੱਲੋਂ ਚੁੱਕੇ ਇਸ ਕਦਮ ਦੀ ਚਰਚਾ ਹੋ ਰਹੀ ਹੈ।