ਚੰਡੀਗੜ੍ਹ,4 ਜਨਵਰੀ, Gee98 news service
-ਪੁਲਿਸ ਨੇ 20 ਦਸੰਬਰ ਨੂੰ ਹੋਏ ਪੰਜਾਬ ਪੁਲਿਸ ਦੇ ਇੱਕ ਸਾਬਕਾ ਥਾਣੇਦਾਰ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ। ਦੱਸ ਦੇਈਏ ਕਿ 20 ਦਸੰਬਰ ਨੂੰ ਦੇਰ ਸ਼ਾਮ ਬਠਿੰਡਾ ਦੇ ਮੁਲਤਾਨੀਆ ਰੋਡ ‘ਤੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਥਾਣੇਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਬਠਿੰਡਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਪੜ੍ਹਤਾਲ ਸ਼ੁਰੂ ਕੀਤੀ ਤਾਂ ਪੁਲਿਸ ਪੜ੍ਹਤਾਲ ਦੀ ਸੂਈ ਮ੍ਰਿਤਕ ਥਾਣੇਦਾਰ ਦੇ ਪੁੱਤਰ ਵੱਲ ਹੀ ਜਾ ਰਹੀ ਸੀ, ਜਿਸ ਨੂੰ ਹਿਰਾਸਤ ਵਿੱਚ ਲੈ ਕੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਸਾਬਕਾ ਥਾਣੇਦਾਰ ਦੇ ਪੁੱਤਰ ਹਰਸਿਮਰਨਜੀਤ ਸਿੰਘ ਉਰਫ ਬੱਗਾ ਨੇ ਆਪਣੇ ਪਿਤਾ ਦੇ ਕਤਲ ਦਾ ਦੋਸ਼ ਕਬੂਲ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਓਮ ਪ੍ਰਕਾਸ਼ ਦਾ ਆਪਣੀ ਪਤਨੀ ਅਤੇ ਪੁੱਤਰ ਹਰਸਿਮਰਨਜੀਤ ਸਿੰਘ ਉਰਫ਼ ਬੱਗਾ ਨਾਲ ਪਿਛਲੇ 15-20 ਸਾਲਾਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ ਅਤੇ ਮ੍ਰਿਤਕ ਸਾਬਕਾ ਥਾਣੇਦਾਰ ਦੀ ਪਤਨੀ ਵੱਲੋਂ ਤਲਾਕ ਅਤੇ ਖਰਚੇ ਦਾ ਕੇਸ ਵੀ ਦਾਇਰ ਕੀਤਾ ਹੋਇਆ ਸੀ। ਡੀਐਸਪੀ ਨੇ ਦੱਸਿਆ ਕਿ ਇਸ ਘਰੇਲੂ ਝਗੜੇ ਦੇ ਕਾਰਨ ਹੀ ਸਾਬਕਾ ਥਾਣੇਦਾਰ ਸੇਵਾ ਮੁਕਤੀ ਤੋਂ ਬਾਅਦ ਵੀ ਆਪਣੀ ਜੱਦੀ ਰਿਹਾਇਸ਼ ਜੈਤੋ ਵਿਖੇ ਆਪਣੇ ਪਰਿਵਾਰ ਨਾਲ ਰਹਿਣ ਦੀ ਬਜਾਏ ਬਠਿੰਡਾ ਵਿਖੇ ਪੰਜਾਬ ਪੁਲਿਸ ਦੀ ਮਹਿਲਾ ਏ.ਐਸ.ਆਈ. ਦੇ ਘਰ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਓਮ ਪ੍ਰਕਾਸ਼ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ। ਹਰਸਿਮਰਨਜੀਤ ਸਿੰਘ ਨੂੰ ਲੱਗਦਾ ਸੀ ਕਿ ਉਸ ਦਾ ਪਿਤਾ ਉਕਤ ਔਰਤ ‘ਤੇ ਉਸ ਦੀ ਬਚਤ ਅਤੇ ਜਾਇਦਾਦ ਨੂੰ ਬਰਬਾਦ ਕਰ ਰਿਹਾ ਹੈ, ਜਿਸ ਕਾਰਨ ਉਹ ਆਪਣੇ ਪਿਤਾ ਨਾਲ ਨਾਰਾਜ਼ ਸੀ। ਹਾਲ ਹੀ ‘ਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਨੇ ਬੈਂਕ ਤੋਂ ਕੁਝ ਕਰਜ਼ਾ ਵੀ ਲਿਆ ਸੀ, ਜਿਸ ਕਾਰਨ ਉਸ ਨੂੰ ਲੱਗਦਾ ਸੀ ਕਿ ਉਸ ਦਾ ਪਿਤਾ ਉਸ ਦੀ ਸਾਰੀ ਜਾਇਦਾਦ ਤਬਾਹ ਕਰ ਦੇਵੇਗਾ। ਇਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਮਾਰਨ ਦੀ ਯੋਜਨਾ ਬਣਾਈ। 20 ਦਸੰਬਰ ਨੂੰ ਉਹ ਆਪਣੀ ਲਾਇਸੈਂਸੀ ਬੰਦੂਕ ਲੈ ਕੇ ਮੋਟਰਸਾਈਕਲ ‘ਤੇ ਬਠਿੰਡਾ ਪਹੁੰਚਿਆ ਅਤੇ ਆਪਣੇ ਪਿਤਾ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਉਹ ਦੁਕਾਨ ਤੋਂ ਦੁੱਧ ਲੈਣ ਜਾ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀ ਹਰਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਡਬਲ ਬੈਰਲ ਬੰਦੂਕ ਵੀ ਬਰਾਮਦ ਕੀਤੀ ਹੈ। ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।