ਚੰਡੀਗੜ੍ਹ, 24 ਦਸੰਬਰ Gee98 news service
-ਸਾਡੇ ਮੁਲਕ ਦੇ ਨੇਤਾਵਾਂ ਨੂੰ ਕੁਰਸੀ ਐਨੀ ਪਿਆਰੀ ਚੀਜ਼ ਬਣ ਚੁੱਕੀ ਹੈ ਕਿ ਇਹ ਕੁਰਸੀ ‘ਤੇ ਬੈਠਣ ਲਈ ਕੁਝ ਵੀ ਕਹਿਣ ਅਤੇ ਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਬਿਨਾਂ ਸੋਚੇ ਸਮਝੇ ਅਜਿਹਾ ਬਿਆਨ ਜਾਰੀ ਕਰ ਦਿੰਦੇ ਹਨ ਜਿਸ ਨਾਲ ਜਿੱਥੇ ਇਹਨਾਂ ਨੇਤਾਵਾਂ ਦੀ ਆਪਣੀ ਸੂਝ ਬੂਝ ਦਾ ਜਲੂਸ ਨਿਕਲਦਾ ਹੈ ਉਥੇ ਕਈ ਵਾਰ ਅਜਿਹੇ ਨੇਤਾਵਾਂ ਦੇ ਬਿਆਨ ਸਮਾਜ ਵਿੱਚ ਅਸੰਤੁਲਨ ਦਾ ਕਾਰਨ ਵੀ ਬਣ ਜਾਂਦੇ ਹਨ। ਅਜਿਹੇ ਇੱਕ ਤਾਜ਼ਾ ਘਟਨਾਕਰਮ ਵਿੱਚ ਦਿੱਲੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪਟਪੜਗੰਜ ਸੀਟ ਤੋਂ ਉਮੀਦਵਾਰ ਅਵਧ ਓਝਾ ਨੇ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕ੍ਰਿਸ਼ਨ ਭਗਵਾਨ ਦਾ ਅਵਤਾਰ ਦਾ ਰੁਤਬਾ ਦੇ ਦਿੱਤਾ ਹੈ। ਅਵਧ ਓਝਾ ਇੱਕ ਅਧਿਆਪਕ ਸਨ ਜੋ ਹਾਲ ਹੀ ਵਿੱਚ ਰਾਜਨੀਤੀ ‘ਚ ਆਏ ਹਨ ਅਤੇ “ਆਪ” ਨੇ ਉਹਨਾਂ ਨੂੰ ਪਟਪੜਗੰਜ ਤੋਂ ਟਿਕਟ ਦਿੱਤੀ ਹੈ। ਅਵਧ ਓਝਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ “ਅਰਵਿੰਦ ਕੇਜਰੀਵਾਲ ਜੀ ਯਕੀਨੀ ਤੌਰ ‘ਤੇ ਭਗਵਾਨ ਹਨ, ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਉਹ ਕ੍ਰਿਸ਼ਨ ਦਾ ਅਵਤਾਰ ਹੈ”। ਅਵਧ ਓਝਾ ਨੇ ਅੱਗੇ ਕਿਹਾ ਕਿ ”ਜਦੋਂ ਵੀ ਕੋਈ ਵਿਅਕਤੀ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤੇ ਜਦੋਂ ਵੀ ਕੋਈ ਵਿਅਕਤੀ ਗਰੀਬਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਾਜ ਦੇ ਕੰਸ ਉਸ ਦੇ ਪਿੱਛੇ ਪੈ ਜਾਂਦੇ ਹਨ, ਨਹੀਂ ਤਾਂ ਭਗਵਾਨ ਕ੍ਰਿਸ਼ਨ ਜੇਲ੍ਹ ਵਿੱਚ ਕਿਵੇਂ ਪੈਦਾ ਹੁੰਦੇ ? ਦੇਵਕੀ ਅਤੇ ਵਾਸੁਦੇਵ ਨੇ ਕੀ ਨੁਕਸਾਨ ਕੀਤਾ ਸੀ? ਸਮਾਜ ਦੇ ਤੱਤ ਨਹੀਂ ਚਾਹੁੰਦੇ ਕਿ ਕੋਈ ਗਰੀਬ ਅਤੇ ਮਜ਼ਲੂਮਾਂ ਲਈ ਕੰਮ ਕਰੇ। ਅਵਧ ਓਝਾ ਨੇ ਕਿਹਾ ਕਿ ਕੇਜਰੀਵਾਲ ਦੂਰਅੰਦੇਸ਼ੀ ਹਨ ਤੇ ਉਸ ਵਿੱਚ ਰੱਬ ਵਰਗੇ ਗੁਣ ਹਨ। ਉਨ੍ਹਾਂ ਕਿਹਾ, ‘ਦਿੱਲੀ ਦੀ ਸਥਿਤੀ ਪੂਰੇ ਭਾਰਤ ਲਈ ਮਿਸਾਲ ਬਣ ਰਹੀ ਹੈ। ਸਾਰਿਆਂ ਦੀ ਹਾਲਤ ਖਰਾਬ ਹੈ ਕਿ ਕੇਜਰੀਵਾਲ 2029 ‘ਚ ਪ੍ਰਧਾਨ ਮੰਤਰੀ ਬਣ ਸਕਦੇ ਹਨ, ਯਕੀਨਨ ਲੋਕ ਉਸ ਦੇ ਪਿੱਛੇ ਹਨ।