ਬਰਨਾਲਾ, 5 ਨਵੰਬਰ, Gee98 news service
-ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਰਨਾਲਾ ਫੇਰੀ ਦੌਰਾਨ ਵਾਪਰੀਆਂ ਕੁਝ ਸਿਆਸੀ ਘਟਨਾਵਾਂ ਨੇ ਬਰਨਾਲਾ ਦੀ ਜ਼ਿਮਨੀ ਚੋਣ ਨਾਲ ਸਬੰਧਿਤ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ। ਮੰਗਲਵਾਰ ਸਵੇਰੇ ਬਾਜ਼ਾਰ ਖੁੱਲਦੇ ਹੀ ਬਰਨਾਲਾ ਦੇ ਸੀਨੀਅਰ ਭਾਜਪਾ ਆਗੂਆਂ ਦੀ ਜੋੜੀ ਵੱਲੋਂ ਚੁੱਕੇ ਕਦਮ ਦੀ ਚਰਚਾ ਹੁੰਦੀ ਵੇਖੀ ਗਈ। ਧੀਰਜ ਕੁਮਾਰ ਅਤੇ ਨੀਰਜ ਕੁਮਾਰ ਵੱਲੋਂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਵੱਖ ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸਮਰਥਕ ਤਾਂ ਧੀਰਜ ਅਤੇ ਨੀਰਜ ਦੀ ਸਿਆਸੀ ਟਪੂਸੀ ਨੂੰ ਹਰਿੰਦਰ ਧਾਲੀਵਾਲ ਦੀ ਚੋਣ ਮੁਹਿੰਮ ਲਈ ਵੱਡਾ ਹੁਲਾਰਾ ਮੰਨਦੇ ਹਨ। ਦੂਜੇ ਪਾਸੇ ਬਰਨਾਲਾ ਸ਼ਹਿਰ ਦੇ ਆਰਐਸਐਸ ਨਾਲ ਕਈ ਵਰ੍ਹਿਆਂ ਤੋਂ ਜੁੜੇ ਆਗੂਆਂ ਨੇ ਧੀਰਜ ਕੁਮਾਰ ਦੇ ਫੈਸਲੇ ਨੂੰ ਸਿਰੇ ਦੀ ਮੌਕਾਪ੍ਰਸਤੀ ਦੱਸਦੇ ਹੋਏ ਨਿਰਾਸ਼ਤਾ ਪ੍ਰਗਟ ਕੀਤੀ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਆਰਐਸਐਸ ਦੀ ਵਿਚਾਰਧਾਰਾ ਨਾਲ ਗੜੁੱਚੇ ਧੀਰਜ ਕੁਮਾਰ ਵਰਗੇ ਸਮਝਦਾਰ ਆਗੂਆਂ ਦਾ ਸਿਆਸੀ ਹਵਾ ਦੇ ਛੋਟੇ ਜਿਹੇ ਬੁੱਲ੍ਹੇ ਨਾਲ ਡਿੱਗ ਜਾਣਾ ਹੈਰਾਨੀ ਪ੍ਰਗਟ ਕਰਦਾ ਹੈ। ਇੱਕ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਧੀਰਜ ਕੁਮਾਰ ਨੂੰ ਭਾਵੇਂ ਸਰਕਾਰ ਵੱਲੋਂ ਕੋਈ ਸੂਬਾ ਪੱਧਰੀ ਜਾਂ ਜ਼ਿਲ੍ਹੇ ਦੀ ਯੋਜਨਾ ਕਮੇਟੀ ਦੀ ਚੇਅਰਮੈਨੀ ਦੇ ਦਿੱਤੀ ਜਾਵੇ ਪਰੰਤੂ ਧੀਰਜ ਕੁਮਾਰ ਦਾ ਸਿਆਸੀ ਕੱਦ ਉਸ ਤੋਂ ਵੱਡਾ ਨਹੀਂ ਹੋ ਸਕਦਾ ਜਿੰਨਾ ਦੇਸ਼ ‘ਚ ਤੀਜੀ ਵਾਰ ਲਗਾਤਾਰ ਸਰਕਾਰ ਬਣਾਉਣ ਵਾਲੀ ਪਾਰਟੀ ਵਿੱਚ ਸੀ। ਕੁਝ ਭਾਜਪਾ ਆਗੂਆਂ ਨੇ ਕਿਹਾ ਕਿ ਧੀਰਜ ਕੁਮਾਰ ਨੂੰ ਕੇਵਲ ਸਿੰਘ ਢਿੱਲੋ ਦਾ ਚਿਹਰਾ ਵੇਖ ਕੇ ਨਹੀਂ ਸਗੋਂ ਭਾਜਪਾ ਦਾ ਨਿਸ਼ਾਨ ਵੇਖ ਕੇ ਜ਼ਿਮਨੀ ਚੋਣ ਦੇ ਸੰਦਰਭ ਵਿੱਚ ਫੈਸਲਾ ਲੈਣਾ ਚਾਹੀਦਾ ਸੀ। ਕੇਵਲ ਸਿੰਘ ਢਿੱਲੋ ਦੇ ਇੱਕ ਕੱਟੜ ਸਮਰਥਕ ਨੇ ਪਹਿਲਾਂ ਤਾਂ ਧੀਰਜ ਅਤੇ ਨੀਰਜ ਦੀ ਸਿਆਸੀ ਟਪੂਸੀ ‘ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪ੍ਰੰਤੂ ਫੋਨ ਕੱਟਦੇ ਕੱਟਦੇ ਉਸਨੇ ਕਹਿ ਹੀ ਦਿੱਤਾ ਕਿ “ਇਹ ਦੋਵੇਂ ਆਗੂ ਕੇਵਲ ਢਿੱਲੋਂ ਲਈ ਬੁੱਕਲ ਦਾ ਸੱਪ ਸਨ, ਜਿਹੜੇ ਪਿਛਲੇ ਕਾਫੀ ਸਮੇਂ ਤੋਂ ਸੱਤਾਧਾਰੀਆਂ ਦਾ ਦੁੱਧ ਪੀ ਰਹੇ ਸਨ ਅਤੇ ਇਹਨਾਂ ਨੇ ਢਿੱਲੋਂ ਦਾ ਨੁਕਸਾਨ ਹੀ ਕਰਨਾ ਸੀ”। ਬਰਨਾਲਾ ਜ਼ਿਮਨੀ ਚੋਣ ਲਈ ਜਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਨਾਲ ਧੀਰਜ ਤੇ ਨੀਰਜ ਦੇ ਫੈਸਲੇ ‘ਤੇ ਟਿੱਪਣੀ ਕਰਨ ਲਈ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ “ਹੁਣ ਤਾਂ ਭਾਵੇਂ ਕੋਈ ਇਧਰੋਂ-ਉਧਰ ਚਲਿਆ ਜਾਵੇ ਜਾਂ ਉਧਰੋਂ ਇਧਰ ਆ ਜਾਵੇ, ਬਰਨਾਲਾ ਦੇ ਲੋਕਾਂ ਨੇ ਇਸ ਵਾਰ ਕਾਂਗਰਸ ਨੂੰ ਚੁਣਨ ਦਾ ਮਨ ਬਣਾ ਲਿਆ ਹੈ”। ਕਾਲਾ ਢਿੱਲੋ ਨੇ ਕਿਹਾ ਕਿ 30 ਕੁ ਮਹੀਨਿਆਂ ਦੇ ਵਿਕਾਸ ਦੇ ਸਿਰ ‘ਤੇ ਚੋਣ ਲੜਨ ਦਾ ਦਾਅਵਾ ਕਰਨ ਵਾਲੇ ਸੱਤਾਧਾਰੀ ਆਗੂਆਂ ਦੇ ਜ਼ਿਮਨੀ ਚੋਣ ‘ਚ ਇਹ ਹਾਲਾਤ ਹੋ ਚੁੱਕੇ ਹਨ ਕਿ ਉਹਨਾਂ ਨੂੰ ਦੂਜੀਆਂ ਪਾਰਟੀਆਂ ਤੋਂ ਉਧਾਰ ਆਗੂ ਲੈ ਕੇ ਚੋਣ ਲੜਨੀ ਪੈ ਰਹੀ ਹੈ। ਬਰਨਾਲਾ ਦੇ ਇੱਕ ਚੋਟੀ ਦੇ ਸਾਹਿਤਕਾਰ ਨੇ ਧੀਰਜ ਕੁਮਾਰ ਤੇ ਨੀਰਜ ਕੁਮਾਰ ਦੇ ਫੈਸਲੇ ‘ਤੇ ਸਾਹਿਤਿਕ ਭਾਸ਼ਾ ਵਿੱਚ ਕਿਹਾ ਕਿ “ਅਜੋਕੇ ਦੌਰ ਦੀ ਰਾਜਨੀਤੀ ਕੁਝ ਅਜਿਹੇ ਹਾਲਾਤਾਂ ਵਿੱਚ ਪੁੱਜ ਚੁੱਕੀ ਹੈ ਕਿ ਲੋਕ ਪਲਾਟ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਖਰੀਦਦੇ ਹਨ, ਨੀਂਹ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਭਰਦੇ ਹਨ ਅਤੇ ਮਕਾਨ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਬਣਾਉਂਦੇ ਹਨ”। ਬਰਨਾਲਾ ਦੇ ਇੱਕ ਸੀਨੀਅਰ ਪੱਤਰਕਾਰ ਨੇ ਕਿਹਾ ਕਿ “ਭਾਵੇਂ ਕਿ ਧੀਰਜ ਕੁਮਾਰ ਤੇ ਧੀਰਜ ਕੁਮਾਰ ਦੋਵੇਂ ਬਰਨਾਲਾ ‘ਚ ਚੰਗਾ ਸਤਿਕਾਰ ਰੱਖਦੇ ਹਨ ਪਰੰਤੂ ਜ਼ਿਮਨੀ ਚੋਣ ਦੇ ਮਾਮਲੇ ‘ਚ ਦੋਵਾਂ ਦੇ ਫੈਸਲੇ ਦਾ ਕਿਸੇ ਆਗੂ ਦੀ ਚੋਣ ਮੁਹਿੰਮ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਦਲ ਬਦਲੀ ਦੌਰਾਨ ਦੋਵੇਂ ਆਗੂਆਂ ਵੱਲੋਂ ਵੱਡੇ ਅਹੁਦਿਆਂ ਦੀ ਸੌਦੇਬਾਜ਼ੀ ਦੀ ਚਰਚਾ ਨੇ ਦੋਵੇਂ ਆਗੂਆਂ ਦਾ ਅਕਸ ਧੁੰਦਲਾ ਕੀਤਾ ਹੈ”। ਬਹਰਹਾਲ ! ਧੀਰਜ ਅਤੇ ਨੀਰਜ ਦੀ ਜੋੜੀ ਦੇ ਸਿਆਸੀ ਫੈਸਲੇ ਦਾ ਜ਼ਿਮਨੀ ਚੋਣ ‘ਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ, ਇਹ ਕੁਝ ਦਿਨਾਂ ਵਿੱਚ ਹੀ ਸਾਹਮਣੇ ਆ ਜਾਵੇਗਾ ਪਰੰਤੂ ਇੱਕ ਗੱਲ ਸਪੱਸ਼ਟ ਹੈ ਕਿ ਸੱਤਾਧਾਰੀ ਪਾਰਟੀ ਵੱਲੋਂ ਜ਼ਿਮਨੀ ਚੋਣ ਜਿੱਤਣ ਲਈ ਦੂਜੀਆਂ ਪਾਰਟੀਆਂ ਚੋਂ ਪੱਟ ਕੇ ਲਿਆਂਦੇ ਆਗੂਆਂ ਨੂੰ ਦਿੱਤੀਆਂ ਜਾ ਰਹੀਆਂ ਸਰਦਾਰੀਆਂ ਦੀ ਮੌਕਾਪ੍ਰਸਤ ਪ੍ਰਕਿਰਿਆ ਨੇ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਦੇ ਦੋਸ਼ਾਂ ਨੂੰ ਪ੍ਰਪੱਕਤਾ ਦਿੱਤੀ ਹੈ।
ਫੋਟੋ ਕੈਪਸ਼ਨ– ਸਦਰ ਬਾਜ਼ਾਰ ਬਰਨਾਲਾ ‘ਚ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਖੜ੍ਹੇ ਨਵੇਂ ਆਪ ਆਗੂ ਧੀਰਜ ਕੁਮਾਰ-ਨੀਰਜ ਕੁਮਾਰ ਅਤੇ ਹੋਰ