ਬਰਨਾਲਾ,18 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਚਾਰਾਂ ਹਲਕਿਆਂ ਤੋਂ ਆਪਣੀ ਉਮੀਦਵਾਰਾਂ ਦੀ ਚੋਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਬਰਨਾਲਾ ਵਿਧਾਨ ਸਭਾ ਹਲਕੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਨੇ ਬਰਨਾਲਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਨਾਮ ਲੱਗਭੱਗ ਫਾਈਨਲ ਕਰ ਲਿਆ ਹੈ ਜਿਸ ਦਾ ਅੱਜ ਦੇਰ ਸ਼ਾਮ ਜਾਂ ਕੱਲ੍ਹ ਤੱਕ ਐਲਾਨ ਹੋ ਜਾਵੇਗਾ। ਭਰੋਸੇਯੋਗ ਸੂਤਰਾਂ ਅਨੁਸਾਰ ਚੰਡੀਗੜ੍ਹ ਵਿਖੇ ਹੋਈ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ, ਸੀਨੀਅਰ ਕਾਂਗਰਸੀ ਆਗੂ ਅਲੋਕ ਸ਼ਰਮਾ ਅਤੇ ਪੰਜਾਬ ਦੇ ਲੱਗਭੱਗ ਸਾਰੇ ਚੋਟੀ ਦੇ ਕਾਂਗਰਸੀ ਆਗੂਆਂ ਦੀ ਇੱਕ ਮੀਟਿੰਗ ਵਿੱਚ ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਨਾਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। Gee98 news service ਦੇ ਸੂਤਰਾਂ ਅਨੁਸਾਰ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਸ਼ਾਮਿਲ ਸਾਰੇ ਸੀਨੀਅਰ ਆਗੂਆਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਉਮੀਦਵਾਰੀ ਨੂੰ ਫਾਈਨਲ ਕਰ ਦਿੱਤਾ ਹੈ। ਜਿਸ ਦਾ ਰਸਮੀ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਦੱਸ ਦੇਈਏ ਕਿ ਕਾਲਾ ਢਿੱਲੋ ਨੇ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਹੀ ਸੀਨੀਅਰ ਆਗੂਆਂ ਦੇ ਇਸ਼ਾਰੇ ‘ਤੇ ਹਲਕੇ ਵਿੱਚ ਬਤੌਰ ਉਮੀਦਵਾਰ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਇਸ ਸਮੇਂ ਦੌਰਾਨ ਉਨਾਂ ਦੇ ਮੁਕਾਬਲੇ ‘ਤੇ ਹੋਰ ਕਿਸੇ ਉਮੀਦਵਾਰ ਦਾ ਨਾਮ ਚਰਚਾ ਵਿੱਚ ਨਹੀਂ ਆਇਆ। ਭਾਵੇਂ ਕਿ ਕੁਝ ਦਿਨਾਂ ਤੋਂ ਪੰਜਾਬ ਪੁਲਿਸ ਦੇ ਇੱਕ ਸਾਬਕਾ ਅਫ਼ਸਰ ਨੇ ਸ਼ਹਿਰ ਅੰਦਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਬੀਤੀ ਸ਼ਾਮ ਆਪਣੇ ਆਪ ਨੂੰ ਹਲਕੇ ਦਾ ਸੇਵਾਦਾਰ ਦਰਸਾਉਣ ਵਾਲੇ ਪੋਸਟਰ ਵੀ ਸ਼ਹਿਰ ਦੀਆਂ ਕੰਧਾਂ ‘ਤੇ ਲਗਾ ਦਿੱਤੇ ਸਨ ਪ੍ਰੰਤੂ ਕਾਂਗਰਸ ਦੇ ਅੰਦਰੂਨੀ ਹਲਕਿਆਂ ਤੋਂ ਪਤਾ ਲੱਗਿਆ ਹੈ ਕਿ ਕਾਂਗਰਸ ਹਾਈਕਮਾਂਡ ਨੇ ਕਈ ਮਹੀਨਿਆਂ ਤੋਂ ਬਰਨਾਲਾ ਹਲਕੇ ਦੀਆਂ ਕੰਧਾਂ ‘ਤੇ ਕਾਲਾ ਢਿੱਲੋਂ ਦੇ ਲੱਗੇ ਪੋਸਟਰਾਂ ਦੀ ਚਮਕ ਨੂੰ ਹੀ ਪਹਿਲ ਦਿੱਤੀ।