ਚੰਡੀਗੜ੍ਹ,18 ਅਕਤੂਬਰ, Gee98 News service
-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ ਦੇ ਇੱਕ ਥਾਣੇ ‘ਚ ਇੱਕ ਨਿੱਜੀ ਟੀਵੀ ਚੈਨਲ ਨਾਲ ਹੋਈ ਇੰਟਰਵਿਊ ਦੀ ਪੜ੍ਹਤਾਲ ਕਰ ਰਹੀ ਸਿਟ ਵੱਲੋਂ ਹੋਰ ਪੁਲਿਸ ਅਫਸਰਾਂ ਦੇ ਨਾਲ ਦੋਸ਼ੀ ਕਰਾਰ ਦਿੱਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਖ਼ਿਲਾਫ਼ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਹੈ। ਮੋਹਾਲੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਦੀ ਸ਼ਿਕਾਇਤ ‘ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 ਬੀ ਅਤੇ ਅਧਿਕਾਰਾਂ ਤੇ ਅਹੁਦੇ ਦੀ ਦੁਰਵਰਤੋਂ ਦਾ ਮਾਮਲਾ ਡੀਐਸਪੀ ਸੰਧੂ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਵੀ ਗੁਰਸ਼ੇਰ ਸਿੰਘ ਸੰਧੂ ਨੂੰ ਦੋਸ਼ੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਿਸ ਸਬੰਧੀ ਪੰਜਾਬ ਸਰਕਾਰ ਨੇ ਮਾਨਯੋਗ ਹਾਈਕੋਰਟ ਵਿੱਚ 10 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਦੀ ਅੰਡਰਟੇਕਿੰਗ ਰਿਪੋਰਟ ਵੀ ਦਿੱਤੀ ਹੋਈ ਹੈ। ਡੀਐਸਪੀ ਸੰਧੂ ਦੇ ਖਿਲਾਫ ਤਾਜ਼ਾ ਦਰਜ ਹੋਏ ਮਾਮਲੇ ਦੇ ਵੇਰਵੇ ਅਨੁਸਾਰ ਸੰਧੂ ਨੇ ਆਪਣੇ ਇਕ ਨੇੜਲੇ ਦੋਸਤ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਦੇ ਦਸਤਖ਼ਤਾਂ ਦੀ ਗਲਤ ਵਰਤੋਂ ਕੀਤੀ ਅਤੇ ਸ਼ਿਕਾਇਤ ਕਰਤਾ ਦੀ ਕਰੋੜਾਂ ਰੁਪਏ ਦੀ ਜਾਇਦਾਦ ਆਪਣੀ ਸਕੀ ਭੈਣ ਦੇ ਨਾਂ ਕਰਵਾ ਲਈ। ਡੀਐਸਪੀ ਦੇ ਖਿਲਾਫ ਸ਼ਿਕਾਇਤ ਕਰਤਾ ਦੇ ਇਹ ਵੀ ਦੋਸ਼ ਹਨ ਕਿ ਉਸਨੇ ਆਮ ਲੋਕਾਂ ਦੇ ਨਾਲ ਨਾਲ ਬਿਲਡਰਾਂ ਦੀ ਜਾਇਦਾਦ ਹੜੱਪਣ ਲਈ ਵੀ ਕਾਗਜ਼ਾਂ ਦੀ ਦੁਰਵਰਤੋਂ ਕੀਤੀ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਮਾਮਲੇ ਵਿੱਚ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ਪੁਲਿਸ ਨੇ ਡੀਐਸਪੀ ਸੰਧੂ ਨੂੰ ਪਹਿਲਾਂ ਹੀ ਪਬਲਿਕ ਡੀਲਿੰਗ ਤੋਂ ਹਟਾ ਦਿੱਤਾ ਹੈ।