ਬਰਨਾਲਾ,24 ਸਤੰਬਰ, Gee98 news service
-ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਪਾਵਰਕਾਮ ਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਚੈਕਿੰਗ ਕਰਨ ਦੇ ਤਰੀਕੇ ਤੋਂ ਔਖੇ ਹੋ ਕੇ ਪਿੰਡ ਵਾਸੀਆਂ ਨੇ ਪਾਵਰਕਾਮ ਦੇ ਅਧਿਕਾਰੀਆਂ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਇਹ ਮਾਮਲਾ ਇੱਥੋਂ ਤੱਕ ਵਧ ਗਿਆ ਕਿ ਪਿੰਡ ਦੇ ਤਿੰਨ ਵਿਅਕਤੀ ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ਉੱਪਰ ਵੀ ਚੜੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਣੀ ਵਾਲੀ ਟੈਂਕੀ ਉੱਪਰ ਚੜੇ ਪਿੰਡ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਐਸਡੀਓ ਦੀ ਅਗਵਾਈ ਹੇਠ ਜਾਂ ਕਿਸੇ ਹੋਰ ਅਧਿਕਾਰੀ ਦੀ ਅਗਵਾਈ ਹੇਠ ਪਿੰਡ ਵਿੱਚ ਕੁੰਡੀ ਕਨੈਕਸ਼ਨ ਫੜਨ ਲਈ ਚੈਕਿੰਗ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਚੈਕਿੰਗ ਕਰਨ ‘ਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਨਹੀਂ ਪ੍ਰੰਤੂ ਪਾਵਰਕਾਮ ਦੇ ਅਧਿਕਾਰੀ ਹਨੇਰੇ-ਸਵੇਰੇ ਕੰਧਾਂ ਟੱਪ ਕੇ ਚੋਰਾਂ ਵਾਂਗ ਘਰਾਂ ਵਿੱਚ ਦਾਖਲ ਹੁੰਦੇ ਹਨ। ਉਹਨਾਂ ਕਿਹਾ ਕਿ ਪਾਵਰਕਾਮ ਦੇ ਕਰਮਚਾਰੀਆਂ ਕੋਲ ਆਪਣੀ ਪੌੜੀ ਹੁੰਦੀ ਹੈ ਜੋ ਬਾਹਰੋਂ ਕੰਧ ਨਾਲ ਲਾ ਕੇ ਅਗਲੇ ਦੇ ਘਰ ਵਿੱਚ ਛਾਲ ਮਾਰਦੇ ਹਨ। ਉਹਨਾਂ ਕਿਹਾ ਕਿ ਪਾਵਰਕਾਮ ਦੇ ਕਰਮਚਾਰੀਆਂ ਨੂੰ ਕਈ ਵਾਰ ਕਿਹਾ ਗਿਆ ਕਿ ਚੈਕਿੰਗ ਕਰਨ ਦੇ ਲਈ ਗੇਟ ਖੁਲਵਾ ਕੇ ਅੰਦਰ ਆਇਆ ਜਾਵੇ ਤਾਂ ਜੋ ਚੋਰ ਦੇ ਭੁਲੇਖੇ ਸਾਧ ਨਾ ਕੁੱਟਿਆ ਜਾਵੇ ਕਿਉਂਕਿ ਪਿੰਡ ਧੌਲਾ ਅਤੇ ਆਸ ਪਾਸ ਪਿੰਡਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੋਰਾਂ ਨੇ ਵੀ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਅੱਜ ਸਵੇਰੇ ਜਦੋਂ ਪਾਵਰਕਾਮ ਦੇ ਕਰਮਚਾਰੀ ਪਿੰਡ ਧੌਲਾ ਵਿਖੇ ਚੈਕਿੰਗ ਕਰਨ ਗਏ ਤਾਂ ਪਿੰਡ ਵਾਸੀਆਂ ਅਤੇ ਕਰਮਚਾਰੀਆਂ ਦੇ ਵਿਚਕਾਰ ਕੁਝ ਤਲਖਕਲਾਮੀ ਵੀ ਹੋਈ। ਜਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਤਿੰਨ ਵਿਅਕਤੀ ਪਾਣੀ ਵਾਲੀ ਟੈਂਕੀ ‘ਤੇ ਚੜ ਗਏ ਜਿਨਾਂ ਦੀ ਮੰਗ ਹੈ ਕਿ ਪਾਵਰਕਾਮ ਦੇ ਕਰਮਚਾਰੀਆਂ ਨੂੰ ਪਿੰਡ ਵਾਸੀਆਂ ਪ੍ਰਤੀ ਆਪਣੇ ਗੈਰ ਜਿੰਮੇਵਾਰਾਨਾ ਰਵੱਈਏ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਮੌਕੇ ‘ਤੇ ਪੁੱਜੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਪਿੰਡ ਵਾਸੀਆਂ ਨੂੰ ਉਤਾਰਨ ਲਈ ਯਤਨ ਕੀਤੇ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਤਾਣੀ ਅਜੇ ਉਲਝੀ ਹੋਈ ਸੀ। ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਦਾ ਪੱਖ ਜਾਨਣ ਲਈ ਐਸਡੀਓ ਨੂੰ ਕਈ ਵਾਰ ਫੋਨ ਮਿਲਾਇਆ ਪ੍ਰੰਤੂ ਉਹਨਾਂ ਨੇ ਫੋਨ ਚੁੱਕਣਾ ਵਾਜਬ ਨਹੀਂ ਸਮਝਿਆ।