ਬਰਨਾਲਾ, 20 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਭਾਵੇਂ ਰਸਮੀ ਤੌਰ ‘ਤੇ ਐਲਾਨ ਨਹੀਂ ਹੋਇਆ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਕਦਮੀ ਕਰਦੇ ਹੋਏ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਮੇਤ ਉੱਚ ਆਗੂਆਂ ਨੇ ਸ਼ਮੂਲੀਅਤ ਕੀਤੀ। ਅਕਾਲੀ ਦਲ ਦੇ ਇਸ ਰੋਸ ਧਰਨੇ ਵਿੱਚ ਵਰਕਰਾਂ ਦਾ ਵਿਸ਼ਾਲ ਇਕੱਠ ਸੀ ਜਿਸ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਲਈ ਸਾਡੇ ਕੋਲ ਕੁਲਵੰਤ ਸਿੰਘ ਕੀਤੂ ਵਰਗਾ ਨੌਜਵਾਨ ਹੈ ਜੋ ਹਰ ਵਰਗ ਵਿੱਚ ਹਰਮਨ ਪਿਆਰਾ ਹੈ ਅਤੇ ਪੂਰੀ ਮਿਹਨਤ ਵੀ ਕਰ ਰਿਹਾ ਹੈ। ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਵਿੱਚ ਪੁੱਜੇ ਹੋਰ ਉੱਚ ਆਗੂਆਂ ਨੇ ਵੀ ਜਦੋਂ ਬਰਨਾਲਾ ਦੀ ਜ਼ਿਮਨੀ ਚੋਣ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਕੁਲਵੰਤ ਸਿੰਘ ਕੀਤੂ ਦੇ ਨਾਮ ਦਾ ਵੀ ਨਾਲ ਹੀ ਜ਼ਿਕਰ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਿਆਸੀ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਾਰਟੀ ਲੋਕਾਂ ਵਿੱਚ ਮੁੜ ਪੈਰ ਜਮਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ ਅਜਿਹੇ ਹਾਲਾਤਾਂ ‘ਚ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਬਾਕੀ ਪਾਰਟੀਆਂ ਤੋਂ ਪਹਿਲਾਂ ਕਰਨ ਕਰਕੇ ਨਿੱਜੀ ਤੌਰ ‘ਤੇ ਇਸ ਦਾ ਲਾਭ ਕੁਲਵੰਤ ਸਿੰਘ ਕੀਤੂ ਨੂੰ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ੀ ਸਮੇਂ ਬਾਅਦ ਇਹ ਪਹਿਲਾ ਇਕੱਠ ਸੀ ਜਿਸ ਵਿੱਚ ਪਾਰਟੀ ਦੇ ਵਰਕਰਾਂ ਦੀ ਭਰਵੀਂ ਹਾਜ਼ਰੀ ਰਹੀ ਜੋ ਜ਼ਿਮਨੀ ਚੋਣ ਦੇ ਮੱਦੇਨਜ਼ਰ ਪਾਰਟੀ ਆਗੂਆਂ ਲਈ ਇੱਕ ਸੁਖਦ ਸੰਕੇਤ ਹੈ।