ਬਰਨਾਲਾ,19 ਸਤੰਬਰ, (ਨਿਰਮਲ ਸਿੰਘ ਪੰਡੋਰੀ)-
-ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪ੍ਰਧਾਨ ਵੱਲੋਂ ਹਾਈ ਕੋਰਟ ਵਿੱਚ ਪਾਈ ਰਿੱਟ ਪਟੀਸ਼ਨ ਦੇ ਲਈ ਫੈਸਲੇ ਵੀ ਲਿਖ਼ਤੀ ਕਾਪੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਮਾਨਯੋਗ ਹਾਈਕੋਰਟ ਨੇ ਪਟੀਸ਼ਨ ਦਾ ਫੈਸਲਾ ਗੁਰਜੀਤ ਸਿੰਘ ਔਲਖ ਦੇ ਹੱਕ ਵਿੱਚ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹਾਈ ਕੋਰਟ ਦੇ ਫੈਸਲੇ ਦੀ ਲਿਖਤੀ ਕਾਪੀ ਵਿਚ ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਤੇ ਜਸਟਿਸ ਸੁਦੀਪਤੀ ਸ਼ਰਮਾ ਨੇ ਇਹ ਮੁੱਢੋਂ ਹੀ ਰੱਦ ਕਰ ਦਿੱਤਾ ਹੈ ਕਿ ਪ੍ਰਧਾਨ ਗੁਰਜੀਤ ਸਿੰਘ ਨੇ ਨਗਰ ਕੌਂਸਲ ਦੇ ਫੰਡਾਂ ਵਿੱਚ ਕੋਈ ਵਿੱਤੀ ਬੇਨਿਯਮੀਆਂ ਕੀਤੀਆਂ ਸਨ। ਫੈਸਲੇ ਵਿੱਚ ਜੱਜਾਂ ਨੇ ਕਿਹਾ ਕਿ ਬਤੌਰ ਪ੍ਰਧਾਨ ਨਗਰ ਕੌਂਸਲ ਬਰਨਾਲਾ ਗੁਰਜੀਤ ਸਿੰਘ ਵੱਲੋਂ ਨਗਰ ਪੰਚਾਇਤ ਹੰਢਿਆਇਆ ਨੂੰ ਮਾੜੇ ਵਿੱਤੀ ਸਮੇਂ ਦੌਰਾਨ 10 ਲੱਖ ਰੁਪਏ ਦੀ ਦਿੱਤੀ ਸਹਾਇਤਾ ਨੂੰ ਵਿੱਤੀ ਬੇਨਿਯਮੀਆਂ ਨਹੀਂ ਸਗੋਂ ਚੰਗਾ ਕੰਮ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ 10 ਲੱਖ ਰੁਪਏ ਨਗਰ ਪੰਚਾਇਤ ਹੰਢਿਆਇਆ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵਰਤੇ ਗਏ ਸਨ। ਹਾਈ ਕੋਰਟ ਨੇ ਕਿਹਾ ਕਿ ਨਗਰ ਪੰਚਾਇਤ ਹੰਢਿਆਇਆ ਦੇ ਕਰਮਚਾਰੀ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਲਈ ਤਰਸ ਰਹੇ ਸਨ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਸਨ, ਅਜਿਹੇ ਵਿੱਚ ਨਗਰ ਪੰਚਾਇਤ ਹੰਢਿਆਇਆ ਵੱਲੋਂ ਇੱਕ ਪੱਤਰ ਨਗਰ ਕੌਂਸਲ ਬਰਨਾਲਾ ਨੂੰ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵਿੱਤੀ ਸਹਾਇਤਾ ਦੇਣ ਸਬੰਧੀ ਲਿਖਿਆ ਗਿਆ ਜਿਸ ਤੋਂ ਬਾਅਦ ਹੀ ਨਗਰ ਕੌਂਸਲ ਬਰਨਾਲਾ ਵੱਲੋਂ 10 ਲੱਖ ਰੁਪਏ ਦਾ ਚੈੱਕ ਨਗਰ ਪੰਚਾਇਤ ਹੰਢਿਆਇਆ ਨੂੰ ਦਿੱਤਾ ਗਿਆ। ਹਾਈ ਕੋਰਟ ਨੇ ਕਿਹਾ ਕਿ ਇਹ 10 ਲੱਖ ਰੁਪਏ ਵਾਪਸ ਕਰਨਯੋਗ ਇੱਕ ਵਿੱਤੀ ਲੋਨ ਸੀ ਅਤੇ ਇਸ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਰਿਕਾਰਡ ਵਿੱਚ ਕਾਰਵਾਈ ਦਰਜ ਸੀ। ਹਾਈ ਕੋਰਟ ਦੇ ਜੱਜਾਂ ਨੇ ਇਹ ਭਾਵਪੂਰਤ ਟਿੱਪਣੀ ਵੀ ਕੀਤੀ ਕਿ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ,ਜੇਕਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੰਦੀ ਤਾਂ ਕੋਈ ਹੋਰ ਧਿਰ ਅਜਿਹੇ ਵਿੱਚ ਵਿੱਤੀ ਸਹਾਇਤਾ ਕਰਦੀ ਹੈ ਤਾਂ ਇਸ ਨੂੰ ਵਿਤੀ ਬੇਨਿਯਮੀ ਨਹੀਂ ਮੰਨਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜਾਬ ਮਿਊਂਸਪਲ ਐਕਟ 1911 ਦੀ ਸੈਕਸ਼ਨ 22 ਤਹਿਤ ਪ੍ਰਧਾਨ ਗੁਰਜੀਤ ਸਿੰਘ ਨੂੰ ਇਸੇ ਆਧਾਰ ‘ਤੇ ਅਹੁਦੇ ਤੋਂ ਹਟਾ ਦਿੱਤਾ ਸੀ ਕਿ ਉਹਨਾਂ ਨੇ ਨਗਰ ਪੰਚਾਇਤ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਕੇ ਨਗਰ ਕੌਂਸਲ ਬਰਨਾਲਾ ਦਾ ਵਿੱਤੀ ਨੁਕਸਾਨ ਕੀਤਾ ਹੈ। ਵਿਭਾਗ ਦੇ ਇਸ ਫੈਸਲੇ ਖ਼ਿਲਾਫ਼ ਪ੍ਰਧਾਨ ਗੁਰਜੀਤ ਸਿੰਘ ਨੇ ਹਾਈਕੋਰਟ ਦਾ ਕੀਤਾ ਸੀ ਜਿੱਥੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਫੈਸਲਾ ਗੁਰਜੀਤ ਸਿੰਘ ਦੇ ਹੱਕ ਵਿੱਚ ਦਿੱਤਾ। ਇਸੇ ਫ਼ੈਸਲੇ ਦੀ ਲਿਖਤੀ ਕਾਪੀ ਦੀ ਲੰਮੀ ਇਬਾਰਤ ਅਤੇ ਮਾਨਯੋਗ ਜੱਜਾਂ ਵੱਲੋਂ ਵਰਤੀ ਗਈ ਸ਼ਬਦਾਂਵਲੀ, ਸੱਤਾਧਾਰੀਆਂ ਵੱਲੋਂ ਕਾਂਗਰਸੀ ਪ੍ਰਧਾਨ ਨਾਲ ਕੀਤੀ ਧੱਕੇਸ਼ਾਹੀ ਦਾ ਸ਼ੀਸ਼ਾ ਦਿਖਾ ਰਹੀ ਹੈ।