ਬਰਨਾਲਾ,17 ਸਤੰਬਰ, Gee98 news service-
ਬਰਨਾਲਾ ਦੀ ਇੱਕ ਅਦਾਲਤ ਨੇ ਚੈੱਕ ਬਾਉਂਸ ਹੋਣ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ ਇੱਕ ਲੱਖ ਰੁਪਏ ਦਾ ਹਰਜਾਨਾ ਭਰਨ ਦਾ ਹੁਕਮ ਵੀ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਉਗੋਕੇ ਨੇ ਕੁਲਵਿੰਦਰ ਕੁਮਾਰ ਪੁੱਤਰ ਹਰੀ ਚੰਦ ਵਾਸੀ ਚੀਮਾ ਨੂੰ ਮਿਤੀ 12-10-2017 ਨੂੰ 1,67,000/- ਰੁਪਏ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਕੁਲਵਿੰਦਰ ਕੁਮਾਰ ਨੇ ਚੈਕ ਨੰਬਰੀ 51005607 ਮਿਤੀ 13-02-2018 ਨੂੰ 1,00,000/- ਰੁਪਏ ਅਤੇ ਚੈਕ ਨੰਬਰੀ 51005608 ਮਿਤੀ 11-12-2017 ਨੂੰ 67,000/- ਰੁਪਏ ਦਾ ਜਾਰੀ ਕਰ ਦਿੱਤੇ ਜੋ ਖਾਤੇ ਵਿੱਚ ਰਕਮ ਘੱਟ ਹੋਣ ਕਾਰਨ ਦੋਵੇਂ ਚੈਕ ਡਿਸਆਨਰ ਹੋ ਗਏ। ਜਿਸ ਤੋਂ ਬਾਅਦ ਬਲਵੰਤ ਸਿੰਘ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ ਬਰਨਾਲਾ ਰਾਹੀਂ ਕੁਲਵਿੰਦਰ ਕੁਮਾਰ ਦੇ ਖਿਲਾਫ ਇੱਕ ਕੰਪਲੇਂਟ ਜੇਰੇ ਦਫ਼ਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਮੈਡਮ ਕੁਲਵਿੰਦਰ ਕੌਰ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ ਜੋ ਮਾਨਯੋਗ ਅਦਾਲਤ ਵੱਲੋਂ ਮਿਤੀ 14-11-2019 ਨੂੰ ਕੁਲਵਿੰਦਰ ਕੁਮਾਰ ਨੂੰ ਦੋ ਸਾਲ ਦੀ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਇਸ ਫੈਸਲੇ ਦੇ ਖਿਲਾਫ ਕੁਲਵਿੰਦਰ ਕੁਮਾਰ ਵੱਲੋਂ ਮਾਨਯੋਗ ਅਦਾਲਤ ਸ਼੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਪਾਸ ਦਾਇਰ ਅਪੀਲ ਕੀਤੀ ਗਈ ਜਿਸ ਦੀ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਿ ਕੁਲਵਿੰਦਰ ਕੁਮਾਰ ਨੇ ਜਾਣਬੁੱਝ ਕੇ ਖਾਤੇ ਵਿੱਚ ਰਕਮ ਘੱਟ ਹੋਣ ਦੇ ਬਾਵਜੂਦ ਚੈਕ ਜਾਰੀ ਕਰਕੇ ਜੁਰਮ ਕੀਤਾ ਹੈ ਅਤੇ ਚੈਕ ਡਿਸਆਨਰ ਹੋਣ ਤੋਂ ਬਾਦ ਕਾਨੂੰਨੀ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਅਤੇ ਕੁਲਵਿੰਦਰ ਕੁਮਾਰ ਕਿਸੇ ਵੀ ਤਰੀਕੇ ਨਾਲ ਇਹ ਸਾਬਤ ਨਹੀਂ ਕਰ ਸਕਿਆ ਕਿ ਉਸਦਾ ਬਲਵੰਤ ਸਿੰਘ ਨਾਲ ਕੋਈ ਲੈਣ-ਦੇਣ ਨਹੀਂ ਹੈ, ਮੁਲਜ਼ਮ ਕੁਲਵਿੰਦਰ ਕੁਮਾਰ ਨੂੰ ਉਕਤ ਕੇਸ ਵਿੱਚ 2 ਸਾਲ ਦੀ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਅਦਾ ਕਰਨ ਅਤੇ ਉਸਨੂੰ ਜੇਲ੍ਹ ਵਿੱਚ ਭੇਜਣ ਅਤੇ ਸਜ਼ਾ ਪੂਰੀ ਕਰਨ ਦਾ ਹੁਕਮ ਸੁਣਾਇਆ ਗਿਆ।