ਬਰਨਾਲਾ,16 ਸਤੰਬਰ, Gee98 news service
-ਨਗਰ ਕੌਂਸਲ ਬਰਨਾਲਾ ਦੇ ਉਪ ਪ੍ਰਧਾਨ ਦੀ ਚੋਣ 17 ਸਤੰਬਰ ਨੂੰ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਰੂਪ ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਉਪ ਪ੍ਰਧਾਨ ਦੀ ਚੋਣ ਲਈ ਕੌਂਸਲਰ ਜੱਗੂ ਮੋਰ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਸੱਤਾਧਾਰੀ ਪਾਰਟੀ ਵੱਲੋਂ ਕੌਂਸਲਰ ਜੌਟੀ ਮਾਨ ਦੇ ਨਾਮ ਦੀ ਚਰਚਾ ਸਾਹਮਣੇ ਆ ਰਹੀ ਹੈ। ਉਪ ਪ੍ਰਧਾਨ ਦੀ ਚੋਣ ਲਈ ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 18 ਕੌਂਸਲਰਾਂ ਨੇ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਉਪ ਪ੍ਰਧਾਨ ਦੀ ਚੋਣ ਲਈ ਹੁਕਮ ਦੇਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੀ ਹਾਈਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਪ ਪ੍ਰਧਾਨ ਦੀ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ। ਕਿਹਾ ਜਾ ਰਿਹਾ ਹੈ ਕਿ ਇਹ 18 ਕੌਂਸਲਰ ਜੱਗੂ ਮੋਰ ਦੀ ਹਮਾਇਤ ‘ਤੇ ਖੜੇ ਹਨ। ਇਹ ਵੀ ਜਾਣਕਾਰੀ ਹੈ ਕਿ ਇਹ ਸਾਰੇ ਕੌਂਸਲਰ ਉਪ ਪ੍ਰਧਾਨ ਦੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਕਿਸੇ ਇੱਕ ਜਗ੍ਹਾ ‘ਤੇ ਇਕੱਠੇ ਹਨ ਅਤੇ ਜੱਗੂ ਮੋਰ ਗਰੁੱਪ ਦੀ ਮਹਿਮਾਨਨਿਵਾਜ਼ੀ ਦਾ ਲੁਤਫ਼ ਉਠਾ ਰਹੇ ਹਨ। ਕਾਂਗਰਸ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਨ ਵਾਲੇ ਇਹਨਾਂ ਕੌਂਸਲਰਾਂ ਨੂੰ ਆਪਰੇਸ਼ਨ ਝਾੜੂ ਤੋਂ ਬਚਾਉਣ ਲਈ ਇਕੱਠੇ ਰੱਖਿਆ ਹੋਇਆ ਹੈ ਅਤੇ ਇਹ ਉਪ ਪ੍ਰਧਾਨ ਦੀ ਚੋਣ ਵਾਲੇ ਦਿਨ ਹੀ ਨਗਰ ਕੌਂਸਲ ਵਿੱਚ ਪ੍ਰਗਟ ਹੋਣਗੇ। ਦੂਜੇ ਪਾਸੇ ਸੱਤਾਧਾਰੀ ਧਿਰ ਨੂੰ ਵਿਧਾਇਕ ਦੀ ਵੋਟ ਦਾ ਹੁਲਾਰਾ ਵੀ ਨਹੀਂ ਮਿਲੇਗਾ ਕਿਉਂਕਿ ਮੀਤ ਹੇਅਰ ਨੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ। ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦਾ ਹੱਥ ਉੱਪਰ ਲੱਗ ਰਿਹਾ ਹੈ ਪ੍ਰੰਤੂ ਰਾਜਨੀਤੀ ਵਿੱਚ ਕਦੋਂ ਕੀ ਹੋ ਜਾਵੇ ਅਤੇ ਕਿਵੇਂ ਹੋ ਜਾਵੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ “ਜਿਸ ਦੀ ਲਾਠੀ ਉਸ ਦੀ ਮੱਝ” ਦੀ ਕਹਾਵਤ ਅਨੁਸਾਰ ਲਾਠੀ ਝਾੜੂ ਵਾਲਿਆਂ ਦੇ ਹੱਥ ਵਿੱਚ ਹੈ ਪਰ ਵੇਖਣਯੋਗ ਹੋਵੇਗਾ ਕਿ ਮੱਝ ਦਾ ਸੰਗਲ ਕੀਹਦੇ ਹੱਥ ਵਿੱਚ ਹੋਵੇਗਾ। ਹਾਈਕੋਰਟ ਇਕੱਠੇ ਹੋ ਕੇ ਜਾਣ ਵਾਲੇ ਕੌਂਸਲਰਾਂ ਦੇ ਅੰਕੜੇ ਦੇ ਸਿਰ ‘ਤੇ ਕਾਂਗਰਸ ਦਾ ਦਾਅਵਾ ਹੈ ਕਿ 17 ਸਤੰਬਰ ਨੂੰ ਬਤੌਰ ਉਪ ਪ੍ਰਧਾਨ ਨਗਰ ਕੌਂਸਲ ਵਿੱਚ ਮੋਰ ਪੈਲਾਂ ਪਾਵੇਗਾ। ਬਹਰਹਾਲ! ਲੋਕਾਂ ਦੀਆਂ ਨਜ਼ਰਾਂ ਇਸ ਦਿਲਚਸਪ ਗੇਮ ‘ਤੇ ਟਿਕੀਆਂ ਹੋਈਆਂ ਹਨ ਕਿ ਹਾਈਕੋਰਟ ਦੇ ਹੁਕਮਾਂ ‘ਤੇ ਹੋਣ ਵਾਲੀ ਉਪ ਪ੍ਰਧਾਨ ਦੀ ਚੋਣ ‘ਚ ਅਫ਼ਸਰਸ਼ਾਹੀ ਦੀ ਕੀ ਭੂਮਿਕਾ ਰਹੇਗੀ।