ਚੰਡੀਗੜ੍ਹ,15 ਸਤੰਬਰ, Gee98 news service
-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਦੇ ਅਗਲੇ ਫੈਸਲੇ ‘ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਸਿਆਸਤ ਵਿੱਚ ਰੁਚੀ ਰੱਖਣ ਵਾਲੇ ਲੋਕ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਮ ਲੱਭਣ ਵਿੱਚ ਲੱਗੇ ਹੋਏ ਹਨ। ਚਰਚਾ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫ਼ੇ ਦਾ ਐਲਾਨ ਅਚਾਨਕ ਨਹੀਂ ਕੀਤਾ। ਸੁਪਰੀਮ ਕੋਰਟ ਵੱਲੋਂ ਜਮਾਨਤ ਦੇਣ ਦੇ ਨਾਲ ਲਗਾਈਆਂ ਸ਼ਰਤਾਂ ਕੇਜਰੀਵਾਲ ਦੇ ਬਤੌਰ ਮੁੱਖ ਮੰਤਰੀ ਸਰਗਰਮੀਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਵਾਲੀਆਂ ਹਨ। ਇਹ ਸ਼ਰਤਾਂ ਅਰਵਿੰਦ ਕੇਜਰੀਵਾਲ ਲਈ ਪਰੇਸ਼ਾਨ ਕਰਨ ਵਾਲੀਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਦੱਸ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਦਾ ਪਦ ਛੱਡਣਗੇ। ਮੌਜੂਦਾ ਸਥਿਤੀ ਵਿੱਚ ਅਰਵਿੰਦ ਕੇਜਰੀਵਾਲ ਰਿਕਾਰਡ ਵਿੱਚ ਤਾਂ ਮੁੱਖ ਮੰਤਰੀ ਹਨ ਪ੍ਰੰਤੂ ਸੁਪਰੀਮ ਕੋਰਟ ਦੀਆਂ ਸ਼ਰਤਾਂ ਅਨੁਸਾਰ ਉਹ ਮੁੱਖ ਮੰਤਰੀ ਦੀਆਂ ਪਾਵਰਾਂ ਨਹੀਂ ਵਰਤ ਸਕਦੇ। ਕੇਜਰੀਵਾਲ ਨੇ ਫੈਸਲਾ ਕੀਤਾ ਕਿ ਉਹ ਰਿਕਾਰਡ ਵਿੱਚ ਮੁੱਖ ਮੰਤਰੀ ਨਹੀਂ ਰਹਿਣਗੇ ਪ੍ਰੰਤੂ ਮੁੱਖ ਮੰਤਰੀ ਦੀਆਂ ਪਾਵਰਾਂ ਵਰਤਣਗੇ, ਅਜਿਹਾ ਕਿਸੇ ਆਗੂ ਨੂੰ “ਸੈਡੋ ਮੁੱਖ ਮੰਤਰੀ” ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਇਸੇ ਰਣਨੀਤੀ ਤਹਿਤ ਹੀ ਅਰਵਿੰਦ ਕੇਜਰੀਵਾਲ ਨੇ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਹੁਣ ਅਰਵਿੰਦ ਕੇਜਰੀਵਾਲ, ਲਾਲੂ ਪ੍ਰਸਾਦ ਯਾਦਵ ਵਾਂਗ ਆਪਣੀ ਪਤਨੀ ਨੂੰ ਵੀ ਮੁੱਖ ਮੰਤਰੀ ਬਣਾ ਸਕਦੇ ਹਨ ਭਾਵ ਕਿ ਰਾਬੜੀ ਦੇਵੀ ਵਾਂਗ ਸੁਨੀਤਾ ਕੇਜਰੀਵਾਲ ਭੂਮਿਕਾ ਵਿੱਚ ਆਵੇਗੀ। ਚਰਚਾ ਇਹ ਵੀ ਹੈ ਕਿ ਕੇਜਰੀਵਾਲ ਦੀ ਭਰੋਸੇਮੰਦ ਸਾਥੀ ਆਤਿਸ਼ੀ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਭਾਵੇਂ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਕਿ ਵਿਧਾਇਕ ਦਲ ਦੀ ਮੀਟਿੰਗ ‘ਚ ਅਗਲਾ ਨੇਤਾ ਚੁਣਿਆ ਜਾਵੇਗਾ ਪ੍ਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਅਰਵਿੰਦ ਕੇਜਰੀਵਾਲ ਨੇ ਅਗਲੇ ਮੁੱਖ ਮੰਤਰੀ ਦਾ ਨਾਮ ਫਾਈਨਲ ਕਰ ਲਿਆ ਸੀ, ਅਸਤੀਫ਼ਾ ਦੇਣ ਦੇ ਵਿਚਕਾਰ ਦੋ ਦਿਨਾਂ ਦਾ ਵਕਫਾ ਇਸੇ ਕਰਕੇ ਰੱਖਿਆ ਗਿਆ ਹੈ ਤਾਂ ਜੋ ਕੇਜਰੀਵਾਲ ਵੱਲੋਂ ਫਾਈਨਲ ਕੀਤੇ ਨਾਮ ‘ਤੇ ਸਾਰੇ ਵਿਧਾਇਕਾਂ ਨੂੰ ਸੂਚਿਤ ਕਰਕੇ ਸਹਿਮਤ ਕੀਤਾ ਜਾ ਸਕੇ। ਬਹਰਹਾਲ ! ਦਿੱਲੀ ਦਾ ਅਗਲਾ ਮੁੱਖ ਮੰਤਰੀ ਭਾਵੇਂ ਸੌਰਵ ਭਾਰਦਵਾਜ, ਸੁਨੀਤਾ ਕੇਜਰੀਵਾਲ ਜਾਂ ਆਤਿਸ਼ੀ ਬਣੇ ਪਰ ਉਹ ਰਾਬੜੀ ਦੇਵੀ ਦੀ ਭੂਮਿਕਾ ਵਿੱਚ ਹੀ ਹੋਵੇਗਾ।