ਮਾਮਲਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ
ਚੰਡੀਗੜ੍ਹ,13 ਸਤੰਬਰ, Gee98 news service
-ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿੱਚ ਹੋਈ ਇੰਟਰਵਿਊ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਚੋਟੀ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਸਖਤ ਝਾੜ ਪਾਈ। ਅਜਿਹਾ ਪਹਿਲੀ ਵਾਰ ਸਾਹਮਣੇ ਆ ਰਿਹਾ ਹੈ ਕਿ ਹਾਈ ਕੋਰਟ ਨੇ ਸੂਬੇ ਦੇ ਉੱਚ ਅਧਿਕਾਰੀਆਂ ਦੀ ਸੁਣਵਾਈ ਦੌਰਾਨ ਚੰਗੀ ਝਾੜ ਝੰਬ ਕੀਤੀ ਹੋਵੇ। ਹਾਈ ਕੋਰਟ ‘ਚ ਵੀਸੀ ਰਾਹੀਂ ਪੇਸ਼ ਹੋਏ ਸੂਬੇ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਜਦ ਮਾਨਯੋਗ ਜੱਜ ਸਾਹਮਣੇ ਕਿਹਾ ਕਿ ਸਾਨੂੰ SIT ਦੀ ਰਿਪੋਰਟ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਗ੍ਰਹਿ ਸਕੱਤਰ ਦੇ ਇਸ ਜਵਾਬ ‘ਤੇ ਸੁਣਵਾਈ ਕਰ ਰਹੇ ਜਸਟਿਸ ਨੇ ਗ੍ਰਹਿ ਸਕੱਤਰ ਦੀ ਝਾੜ ਝੰਬ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਅਪਰਾਧੀ ਇੰਨੇ ਵੱਡੇ ਕਾਫਲੇ ਨਾਲ ਸਫ਼ਰ ਕਰਦਾ ਹੈ ਤਾਂ ਤੁਹਾਨੂੰ ਨਹੀਂ ਪਤਾ ਕਿ ਉਸ ਸਮੇਂ ਕਿਹੜੇ-ਕਿਹੜੇ ਅਧਿਕਾਰੀ ਮੌਜੂਦ ਸਨ। ਹਾਈਕੋਰਟ ਨੇ ਏਡੀਜੀਪੀ ਪ੍ਰਬੋਧ ਕੁਮਾਰ ਨੂੰ ਹੁਕਮ ਦਿੱਤਾ ਕਿ ਪੰਜਾਬ ਸਰਕਾਰ ਨਾਲ ਰਿਪੋਰਟ ਸਾਂਝੀ ਕਰੋ ਤਾਂ ਜੋ ਸਰਕਾਰ ਨੂੰ ਦੋਸ਼ੀਆਂ ਬਾਰੇ ਜਾਣਕਾਰੀ ਮਿਲ ਸਕੇ। ਡੀਜੀਪੀ ਪ੍ਰਬੋਧ ਕੁਮਾਰ ਨੇ ਕਿਹਾ, ਜਾਂਚ ਅਜੇ ਬਾਕੀ ਹੈ ਤਾਂ ਹਾਈਕੋਰਟ ਨੇ ਗ੍ਰਹਿ ਸਕੱਤਰ ਨੂੰ ਕਿਹਾ ਕਿ ਪਹਿਲੀ ਇੰਟਰਵਿਊ ਦਾ ਸਥਾਨ ਅਤੇ ਸਮਾਂ ਦੋਵੇਂ ਸਾਡੇ ਪਿਛਲੇ ਹੁਕਮਾਂ ਵਿੱਚ ਦਰਜ ਹਨ, ਇਸ ਲਈ ਤੁਸੀਂ ਕਰਵਾਈ ਕਰਵਾ ਸਕਦੇ ਹੋ। ਜਦੋਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋ ਜਾਂਚਾਂ ਬਰਾਬਰ ਨਹੀਂ ਕੀਤੀਆਂ ਜਾ ਸਕਦੀਆਂ। ਹਾਈਕੋਰਟ ਨੇ ਕਿਹਾ ਕਿ “ਜਾਂਚ ਐਸਆਈਟੀ ਨੇ ਕੀਤੀ ਹੈ, ਤੁਸੀਂ ਕਾਰਵਾਈ ਕਰਨੀ ਹੈ, ਜਾਂਚ ਨਹੀਂ”। ਇਸ ਮਾਮਲੇ ‘ਚ ਹਾਈਕੋਰਟ ਦੀ ਮਦਦ ਕਰ ਰਹੀ ਐਡਵੋਕੇਟ ਤਨੂ ਬੇਦੀ ਨੇ ਕਿਹਾ ਕਿ ਗੌਰਵ ਯਾਦਵ ਨੇ ਖੁਦ ਕਿਹਾ ਸੀ ਕਿ ਪੰਜਾਬ ‘ਚ ਕੋਈ ਇੰਟਰਵਿਊ ਨਹੀਂ ਹੋਈ ਹੈ। ਤਨੂ ਬੇਦੀ ਨੇ ਕਿਹਾ, ਸ਼ਾਇਦ ਡੀਜੀਪੀ ਗੌਰਵ ਯਾਦਵ ਨੂੰ ਬਿਆਨ ਦੇਣ ਤੋਂ ਪਹਿਲਾਂ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ, ਇਸੇ ਲਈ ਉਨ੍ਹਾਂ ਇਨਕਾਰ ਕਰ ਦਿੱਤਾ। ਹਾਈਕੋਰਟ ਨੇ DGP ਗੌਰਵ ਯਾਦਵ ਨੂੰ ਪੁੱਛਿਆ ਕਿ “ਕੀ ਤੁਸੀ ਪੰਜਾਬ ‘ਚ ਇੰਟਰਵਿਊ ਹੋਂਣ ਤੋਂ ਇਨਕਾਰ ਕੀਤਾ ਸੀ”, ਗੌਰਵ ਯਾਦਵ ਨੇ ਸਪੱਸ਼ਟ ਕੀਤਾ ਕਿ ਮੈਂ ਕਿਹਾ ਸੀ ਕਿ ਬਠਿੰਡਾ ਜੇਲ੍ਹ ਵਿੱਚ ਅਜਿਹਾ ਨਹੀਂ ਹੋਇਆ। ਹਾਈਕੋਰਟ ਨੇ ਕਿਹਾ, ਪੂਰਾ ਪੰਜਾਬ ਤੁਹਾਡੇ ਅਧੀਨ ਹੈ,ਕੀ ਖਰੜ CIA ਕੰਪਲੈਕਸ ਤੁਹਾਡੇ ਦਫਤਰ ਤੋਂ ਬਹੁਤ ਦੂਰ ਹੈ ? ਵੀਰਵਾਰ ਇਸ ਮਾਮਲੇ ਦੀ ਲੰਮੀ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ “ਪਹਿਲੀ ਇੰਟਰਵਿਊ ਖਰੜ ਦੇ ਸੀਆਈਏ ਕੰਪਲੈਕਸ ਵਿੱਚ ਹੋਈ, ਜੋ ਵੀ ਉਸ ਸਮੇਂ ਉੱਥੇ ਇੰਚਾਰਜ ਸੀ ਅਤੇ ਇੱਕ ਸੁਪਰਵਾਈਜ਼ਰੀ ਅਫ਼ਸਰ ਸੀ। ਉਨ੍ਹਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ”। ਹਾਈਕੋਰਟ ਨੇ ਕਿਹਾ, ਸਾਨੂੰ ਉਮੀਦ ਹੈ ਕਿ ਕਿਸੇ ਵੀ ਛੋਟੇ ਅਫ਼ਸਰ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ, ਇਸ ਲਈ ਜ਼ਿੰਮੇਵਾਰ ਵੱਡੇ ਅਫ਼ਸਰਾਂ ਦੀ ਪਛਾਣ ਕੀਤੀ ਜਾਵੇਗੀ।