ਚੰਡੀਗੜ੍ਹ,12 ਸਤੰਬਰ, Gee98 news service
-ਰਾਹੁਲ ਗਾਂਧੀ ਵੱਲੋਂ ਆਪਣੇ ਅਮਰੀਕਾ ਦੌਰੇ ਦੌਰਾਨ ਸਿੱਖ ਕੌਮ ਸੰਬੰਧੀ ਕੀਤੀ ਟਿੱਪਣੀ ਤੋਂ ਬਾਅਦ ਭਾਜਪਾ ਦੇ ਸਿੱਖ ਆਗੂਆਂ ਵੱਲੋਂ ਕਾਂਗਰਸ ਦੀ ਆਗੂ ਸੋਨੀਆ ਗਾਂਧੀ ਦੀ ਦਿੱਲੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸਿੱਖ ਆਗੂ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਤੱਕ ਦੀ ਧਮਕੀ ਵੀ ਦੇ ਦਿੱਤੀ। ਤਰਵਿੰਦਰ ਸਿੰਘ ਨੇ ਅਮਰੀਕਾ ‘ਚ ਰਾਹੁਲ ਗਾਂਧੀ ਵੱਲੋਂ ਕੀਤੀਆਂ ਟਿੱਪਣੀਆਂ ‘ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ “ਰਾਹੁਲ ਗਾਂਧੀ ਰੁਕ ਜਾਓ…ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਤੁਹਾਡਾ ਵੀ ਉਹੀ ਹਾਲ ਹੋਵੇਗਾ ਜੋ ਤੁਹਾਡੀ ਦਾਦੀ ਦਾ ਹੋਇਆ ਹੈ”। ਭਾਜਪਾ ਦੇ ਸਿੱਖ ਆਗੂ ਵੱਲੋਂ ਰਾਹੁਲ ਗਾਂਧੀ ਨੂੰ ਦਿੱਤੀ ਇਸ ਸਿੱਧੀ ਧਮਕੀ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਤਰਥੱਲੀ ਮੱਚ ਗਈ ਹੈ। ਕਾਂਗਰਸ ਵੱਲੋਂ ਭਾਜਪਾ ਸਿੱਖ ਆਗੂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਕੁਝ ਕਾਂਗਰਸੀ ਆਗੂਆਂ ਦੇ ਬਿਆਨ ਵੀ ਸਾਹਮਣੇ ਆਏ ਹਨ। ਕੁਝ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਦੇ ਸਿੱਖ ਆਗੂਆਂ ਵੱਲੋਂ ਭਾਜਪਾ ਦੀ ਰਣਨੀਤੀ ਦੇ ਮੁਤਾਬਕ ਹੀ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਨਾਲ ਲੱਗਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਰਾਹੁਲ ਗਾਂਧੀ ਵੱਲੋਂ ਅਮਰੀਕਾ ‘ਚ ਸਿੱਖ ਕੌਮ ‘ਤੇ ਕੀਤੀ ਗਈ ਟਿੱਪਣੀ ਨੂੰ ਤੂਲ ਦਿੱਤਾ ਜਾ ਰਿਹਾ ਹੈ। ਭਾਜਪਾ ਦੇ ਸਿੱਖ ਆਗੂਆਂ ਵੱਲੋਂ ਰਾਹੁਲ ਗਾਂਧੀ ਦੇ ਖ਼ਿਲਾਫ਼ ਪ੍ਰਦਰਸ਼ਨ ਭਾਵੇਂ ਰਾਜਨੀਤਿਕ ਨਜ਼ਰੀਏ ਤੋਂ ਹੀ ਕੀਤਾ ਜਾ ਰਿਹਾ ਹੋਵੇ ਪ੍ਰੰਤੂ ਕਿਸੇ ਆਗੂ ਨੂੰ ਜਾਨੋਂ ਮਾਰਨ ਦੀ ਸਿੱਧੀ ਧਮਕੀ ਦੇਣਾ ਰਾਜਨੀਤੀ ਦਾ ਹਿੱਸਾ ਨਹੀਂ ਹੋ ਸਕਦੀ।