- ਸਰਕਾਰੀ ਧਿਰ ‘ਤੇ ਲੱਗੇ ਧੱਕੇਸ਼ਾਹੀ ਦੇ ਦੋਸ਼…ਮੌਕੇ ‘ਤੇ ਹਾਜ਼ਰ ਪੁਲਿਸ ਬਣੀ ਮੂਕ ਦਰਸ਼ਕ
ਚੰਡੀਗੜ੍ਹ,9 ਸਤੰਬਰ, Gee98 news service
-ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੰਗਾਮੇ ਕਾਰਨ ਰੱਦ ਹੋਣ ਦੀ ਖ਼ਬਰ ਹੈ। ਇਹ ਚੋਣ ਨੇ ਅੱਜ ਬਠਿੰਡਾ ਦੇ ਇੱਕ ਨਿੱਜੀ ਮੈਰਿਜ ਪੈਲਸ ਵਿੱਚ ਰੱਖੀ ਗਈ ਸੀ, ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਕਾਲਜ 46 ਮੈਂਬਰ ਵੋਟ ਪਾਉਣ ਲਈ ਪੁੱਜੇ ਹੋਏ ਸਨ ਜਿਨ੍ਹਾਂ ਨੇ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ 2 ਸੀਨੀਅਰ ਮੀਤ ਪ੍ਰਧਾਨ, 4 ਮੀਤ ਪ੍ਰਧਾਨ, 4 ਜੁਆਇੰਟ ਸਕੱਤਰ ਅਤੇ ਖਜ਼ਾਨਚੀ ਦੀ ਚੋਣ ਕਰਨੀ ਸੀ ਪ੍ਰੰਤੂ ਚੋਣ ਅਮਲ ਦੌਰਾਨ ਹੀ ਦੋ ਨੌਜਵਾਨਾਂ ਨੇ ਸਟੇਜ ਤੇ ਚੜ ਕੇ ਰਿਟਰਨਿੰਗ ਅਫ਼ਸਰ ਤੋਂ ਨਾਮਜ਼ਦਗੀ ਪੱਤਰ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਜਿਸ ਵੇਲੇ ਦੋ ਨੌਜਵਾਨਾਂ ਨੇ ਨਾਮਜ਼ਦਗੀ ਪੱਤਰ ਖੋਹਣ ਦੀ ਕੋਸ਼ਿਸ਼ ਕੀਤੀ ਉਸ ਵੇਲੇ ਇੱਕ ਡੀਐਸਪੀ ਸਰਵਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੀ ਹਾਜ਼ਰ ਸੀ ਪਰੰਤੂ ਪੁਲਿਸ ਨੇ ਉਹਨਾਂ ਨੌਜਵਾਨਾਂ ਨੂੰ ਫੜਨ ਦਾ ਯਤਨ ਹੀ ਨਹੀਂ ਕੀਤਾ ਅਤੇ ਉਹ ਫਰਾਰ ਹੋ ਗਏ ਪ੍ਰੰਤੂ ਚੋਣ ਪ੍ਰਕਿਰਿਆ ਰੋਕ ਦਿੱਤੀ ਗਈ ਅਤੇ ਆਖਰ ਰੱਦ ਕਰ ਦਿੱਤੀ ਗਈ। ਦੱਸ ਦੇਈਏ ਕਿ ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਸੋਸ਼ਲ ਅਸੋਸੀਏਸ਼ਨ ਦੇ ਕਈ ਵਰ੍ਹੇ ਮੈਂਬਰ ਰਹੇ ਹਨ। ਇਸ ਵਾਰ ਵੀ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ, ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਦਾਅਵੇਦਾਰ ਸਨ। ਮਲੂਕਾ ਨੇ ਦੋਸ ਲਗਾਇਆ ਕਿ ਸੱਤਾਧਾਰੀ ਪਾਰਟੀ ਧੱਕੇ ਨਾਲ ਐਸੋਸੀਏਸ਼ਨ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਉਹਨਾਂ ਕੋਲ ਲੋੜੀਂਦੇ ਮੈਂਬਰ ਹੀ ਨਹੀਂ ਹਨ। ਉਹਨਾਂ ਕਿਹਾ ਕਿ ਸੱਤਾਧਾਰੀ ਵਿਧਾਇਕ ਧੱਕੇ ਨਾਲ ਹੀ ਪ੍ਰਧਾਨ ਬਣਨ ਦੀ ਇੱਛਾ ਰੱਖਦੇ ਹਨ ਪ੍ਰੰਤੂ ਉਹਨਾਂ ਦੇ ਹੱਕ ਵਿੱਚ ਕੋਈ ਵੀ ਮੈਂਬਰ ਨਹੀਂ ਹੈ। ਗੁਰਪ੍ਰੀਤ ਸਿੰਘ ਮਲੂਕਾ ਨੇ ਦੋਸ਼ ਲਾਏ ਕਿ ਇਹ ਗੁੰਡਾਗਰਦੀ ਸਿਆਸੀ ਸ਼ਹਿ ‘ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਕਾਗਜ਼ ਚੁੱਕਣ ਵਾਲਿਆਂ ਨੂੰ ਨਾ ਤਾਂ ਰੋਕਣ ਤੇ ਨਾ ਹੀ ਫੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਕਾਗਜ਼ ਖੋਹਣ ਵਾਲਾ ਵਿਅਕਤੀ ਮਾਨਸਾ ਪੁਲਿਸ ਦਾ ਮੁਲਾਜ਼ਮ ਹੈ । ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਚਾਰ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕੇ ਹਨ ਪਰ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਸਰਕਾਰ ਦੇ ਕੋਲ ਮੈਂਬਰ ਹੀ ਹਨ ਤਾਂ ਕਿਉਂ ਦਖਲਅੰਦਾਜੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਦੇ ਬੰਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਐਸੋਸੀਏਸ਼ਨ ‘ਤੇ ਕਬਜਾ ਕਰਨਾ ਚਾਹੁੰਦੇ ਸਨ ਜੋ ਨਹੀਂ ਕਰ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਮਲੂਕਾ ਧਿਰ ਵੱਲੋਂ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਦੀ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰ ਨੂੰ ਕਾਨੂੰਨ ਵਾਲੇ ਪੱਖ ਤੋਂ ਘੇਰਿਆ ਜਾ ਸਕੇ।