ਚੰਡੀਗੜ੍ਹ,7 ਸਤੰਬਰ, Gee98 news service
-ਪੰਜਾਬ ਰਾਜ ਵਿਜੀਲੈਂਸ ਦੀ ਟੀਮ ਜਦੋਂ ਇੱਕ ਟਰੈਪ ਲਗਾ ਕੇ ਤਹਿਸੀਲਦਾਰ ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਤਾਂ ਤਹਿਸੀਲਦਾਰ ਸਾਹਿਬ ਦੀ ਸਿਹਤ ਵਿਗੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਵਿਜੀਲੈਂਸ ਦੀ ਟੀਮ ਗੁਰਦਾਸਪੁਰ ਜ਼ਿਲ੍ਹੇ ‘ਚ ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਤਹਿਤ ਰੰਗੇ ਹੱਥੀ ਗ੍ਰਿਫ਼ਤਾਰ ਕਰਕੇ ਨਾਲ ਲੈ ਗਈ ਤਾਂ ਵਿਜੀਲੈਂਸ ਦੀ ਗ੍ਰਿਫ਼ਤ ਵਿੱਚ ਤਹਿਸੀਲਦਾਰ ਨੂੰ ਘਬਰਾਹਟ ਹੋਣ ਲੱਗੀ ਅਤੇ ਉਸਨੇ ਆਪਣੀ ਸਿਹਤ ਵਿੱਚ ਗੜਬੜ ਦੀ ਸ਼ਿਕਾਇਤ ਵਿਜੀਲੈਂਸ ਅਧਿਕਾਰੀਆਂ ਨੂੰ ਕੀਤੀ ਜਿਸ ਤੋਂ ਬਾਅਦ ਉਸਦੇ ਹਾਵ ਭਾਵ ਵੇਖਦੇ ਹੋਏ ਵਿਜੀਲੈਂਸ ਅਧਿਕਾਰੀਆਂ ਨੂੰ ਵੀ ਭਾਜੜ ਪੈ ਗਈ ਅਤੇ ਉਸਨੂੰ ਤੁਰੰਤ ਕਲਾਨੌਰ ਦੇ ਮੁਢਲੇ ਸਿਹਤ ਕੇਂਦਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਤਹਿਸੀਲਦਾਰ ਲਖਵਿੰਦਰ ਸਿੰਘ ਦਾ ਚੈੱਕਅਪ ਕਰਨ ਤੋਂ ਬਾਅਦ ਉਸ ਨੂੰ ਗਲੂਕੋਜ਼ ਅਤੇ ਕੁਝ ਟੀਕੇ ਲਗਵਾਏ। ਇਸ ਮੌਕੇ ਡਿਊਟੀ ‘ਤੇ ਤਾਇਨਾਤ ਮੈਡੀਸਿਨ ਦੇ ਸਪੈਸ਼ਲਿਸਟ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਵੱਲੋਂ ਤਹਿਸੀਲਦਾਰ ਲਖਵਿੰਦਰ ਸਿੰਘ ਦਾ ਚੈੱਕਅਪ ਕਰਨ ਲਈ ਹਸਪਤਾਲ ਵਿਚ ਲਿਆਂਦਾ ਗਿਆ। ਜਿਸ ਦਾ ਚੈੱਕਅਪ ਕਰਨ ਉਪਰੰਤ ਉਸ ਨੂੰ ਡਰਿੱਪ ਤੇ ਟੀਕੇ ਲਗਾਏ ਗਏ ਅਤੇ ਕਰੀਬ ਅੱਧੇ ਘੰਟੇ ਬਾਅਦ ਵਿਜੀਲੈਂਸ ਵੱਲੋਂ ਤਹਿਸੀਲਦਾਰ ਨੂੰ ਹਸਪਤਾਲ ਤੋਂ ਲਿਜਾਇਆ ਗਿਆ। ਇਸ ਮੌਕੇ ਤਹਿਸੀਲਦਾਰ ਵਿਜੀਲੈਂਸ ਦੀ ਟੀਮ ਤੋਂ ਪੂਰੀ ਤਰ੍ਹਾਂ ਡਰਿਆ ਹੋਇਆ ਸੀ। ਦੱਸ ਦੇਈਏ ਕਿ ਬੀਤੇ ਕੱਲ੍ਹ ਇੱਕ ਕਿਸਾਨ ਦੀ ਸ਼ਿਕਾਇਤ ‘ਤੇ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਤਹਿਸੀਲਦਾਰ ਨੂੰ ਉਸਦੇ ਡਰਾਈਵਰ ਸਮੇਤ 50,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਸੀ। ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਉਹਨਾਂ ਦੀ ਜ਼ਮੀਨ ਦੀ ਰਿਪੋਰਟ ਕਰਨ ਦੇ ਬਦਲੇ ਦੋ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤਕਰਤਾ ਨੂੰ ਨੂੰ ਪਿਛਲੇ 4-5 ਮਹੀਨੇ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਸੀ। ਜਿਸ ਦੀ ਵਿਜੀਲੈਂਸ ਵਿਭਾਗ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਗਈ। ਸ਼ੁੱਕਰਵਾਰ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ 50 ਹਜ਼ਾਰ ਰੁਪਏ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਦਿੱਤੀ ਗਈ ਤਾਂ ਵਿਭਾਗ ਦੀ ਟੀਮ ਨੇ ਤਹਿਸੀਲਦਾਰ ਸਮੇਤ ਉਸਦੇ ਡਰਾਈਵਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਕਿਉਂਕਿ ਰਿਸ਼ਵਤ ਦੀ ਰਕਮ ਤਹਿਸੀਲਦਾਰ ਨੇ ਸੰਭਾਲਣ ਲਈ ਡਰਾਈਵਰ ਨੂੰ ਦੇ ਦਿੱਤੀ ਸੀ।
ਫੋਟੋ ਕੈਪਸ਼ਨ-ਹਸਪਤਾਲ ਵਿੱਚ ਤਹਿਸੀਲਦਾਰ ਸਾਬ੍ਹ ਦਾ ਇਲਾਜ ਕਰਵਾਉਂਦੀ ਹੋਈ ਵਿਜੀਲੈਂਸ ਦੀ ਟੀਮ