ਚੰਡੀਗੜ੍ਹ,4 ਸਤੰਬਰ, Gee98 news service
-ਪੰਜਾਬ ‘ਚ ਅੱਜਕੱਲ੍ਹ ਦਲ ਬਦਲੀ ਦੀ ਰਾਜਨੀਤੀ ਪੂਰੇ ਜੋਬਨ ‘ਤੇ ਹੈ। ਸੂਬੇ ਦੀ ਸੱਤਾਧਾਰੀ ਪਾਰਟੀ ਦੇ ਮੁਖੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਨਿੱਜੀ ਯਤਨ ਕਰਕੇ ਦਲ ਬਦਲੀ ਦੀ ਰਾਜਨੀਤੀ ਨੂੰ ਪੂਰਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗਿੱਦੜਬਾਹਾ ‘ਚ ਇੱਕ ਸੀਨੀਅਰ ਅਕਾਲੀ ਆਗੂ ਨੂੰ ਆਪ ‘ਚ ਸ਼ਾਮਿਲ ਕਰਕੇ ਲੱਗਭੱਗ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕੋ ਤੀਰ ਨਾਲ ਚਿੱਤ ਕਰਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਅਜੇ ਵਿਰੋਧੀ ਧਿਰ ਦੇ ਹੋਰ ਵਿਧਾਇਕਾਂ ਨੂੰ ਵੀ ਪੁੱਟਣਾ ਚਾਹੁੰਦੇ ਹਨ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਐਨਓਸੀ ਸਬੰਧੀ ਬਿੱਲ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਜਿਸ ਤਰੀਕੇ ਅਤੇ ਜਿਨਾਂ ਸ਼ਬਦਾਂ ਅਤੇ ਲਹਿਜ਼ੇ ਦੇ ਨਾਲ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਪਲੋਸਿਆ, ਉਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਮਨਪ੍ਰੀਤ ਸਿੰਘ ਇਆਲੀ ‘ਤੇ ਵੀ ਡੋਰੇ ਪਾ ਰਹੇ ਹਨ। ਵਿਧਾਨ ਸਭਾ ‘ਚ ਜਦ ਮੁੱਖ ਮੰਤਰੀ ਸੂਬੇ ‘ਚ ਅਣਅਧਿਕਾਰਤ ਕਲੋਨੀਆਂ ਦੀ ਗੱਲ ਕਰ ਰਹੇ ਸਨ ਤਾਂ ਉਹਨਾਂ ਨੇ ਕੈਪਟਨ ਸਰਕਾਰ ਮੌਕੇ ਕਾਲੋਨੀਆਂ ਕੱਟਣ ਵਾਲਿਆਂ ਨੂੰ ਜਿੱਥੇ ਆੜੇ ਹੱਥੀ ਲਿਆ ਉੱਥੇ ਮਨਪ੍ਰੀਤ ਸਿੰਘ ਇਆਲੀ ਦੇ ਲੁਧਿਆਣਾ ‘ਚ ਕੱਟੀ ਵੱਡੀ ਕਾਲੋਨੀ ਦੇ ਪ੍ਰੋਜੈਕਟ ਦੀ ਰੱਜ ਕੇ ਸ਼ਲਾਘਾ ਵੀ ਕੀਤੀ। ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਅੰਦਰ ਸਿੱਧੇ ਤੌਰ ‘ਤੇ ਮਨਪ੍ਰੀਤ ਸਿੰਘ ਇਆਲੀ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ “ਮਨਪ੍ਰੀਤ ਤੇਰੀ ਸਾਊਥ ਸਿਟੀ ਦਾ ਕੰਮ ਇੱਕ ਨੰਬਰ ਵਿੱਚ ਹੈ, ਮੈਂ ਤੇਰੀਆਂ ਸਾਰੀਆਂ ਫਾਈਲਾਂ ਫਰੋਲ ਕੇ ਵੇਖ ਲਈਆਂ.. ਮੈਨੂੰ ਤੇਰੇ ਕੰਮ ਵਿੱਚ ਕੋਈ ਕਮੀ ਨਹੀਂ ਲੱਭੀ”। ਮੁੱਖ ਮੰਤਰੀ ਭਗਵੰਤ ਮਾਨ ਜਦ ਵਿਧਾਨ ਸਭਾ ਦੇ ਅੰਦਰ ਹੀ ਮਨਪ੍ਰੀਤ ਇਆਲੀ ਨੂੰ ਮਿੱਠੇ ਪੋਚੇ ਮਾਰ ਰਹੇ ਸਨ ਤਾਂ ਦਰਸ਼ਕ ਗੈਲਰੀ ਵਿੱਚ ਬੈਠੇ ਇੱਕ ਪੱਤਰਕਾਰ ਨੇ ਦੱਸਿਆ ਕਿ ਉਸ ਵੇਲੇ ਮਨਪ੍ਰੀਤ ਸਿੰਘ ਇਆਲੀ ਦੇ ਚਿਹਰੇ ਦੇ ਹਾਵ ਭਾਵ ਮੁੱਖ ਮੰਤਰੀ ਦਾ ਸ਼ੁਕਰਾਨਾ ਕਰਨ ਵਾਲੇ ਸਨ। ਦੂਜੇ ਪਾਸੇ ਮਨਪ੍ਰੀਤ ਸਿੰਘ ਇਆਲੀ ਸਬੰਧੀ ਮੁੱਖ ਮੰਤਰੀ ਦੀਆਂ ਗੱਲਾਂ ਸੁਣ ਕੇ ਵਿਰੋਧੀ ਧਿਰ ਦੇ ਬਹੁਤੇ ਆਗੂਆਂ ਦੇ ਚਿਹਰੇ ‘ਤੇ ਮੁਸਕਰਾਹਟ ਅਤੇ ਹੈਰਾਨੀ ਦੇ ਹਾਵ ਭਾਵ ਸਨ। ਭਗਵੰਤ ਮਾਨ ਦੀ ਰਾਜਨੀਤੀ ਤੋਂ ਹੁਣ ਤੱਕ ਤਾਂ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਉਹ ਸੂਬੇ ‘ਚ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਤੇ ਵੱਡੇ ਆਗੂਆਂ ਨੂੰ ਪੱਟ ਕੇ ਵਿਰੋਧੀ ਪਾਰਟੀਆਂ ਨੂੰ ਅਲੱਗ ਅਲੱਗ ਕਰਨ ਦੀ ਰਾਜਨੀਤੀ ‘ਤੇ ਚੱਲ ਰਹੇ ਹਨ ਪ੍ਰੰਤੂ ਖੁਦ ਭਗਵੰਤ ਮਾਨ ਜੀ ਇਹ ਭੁੱਲ ਬੈਠੇ ਹਨ ਕਿ ਅਜਿਹਾ ਕਰਦੇ ਸਮੇਂ ਉਹ 2014 ਤੋਂ ਲੈ ਕੇ ਆਪਣੀ ਹੀ ਪਾਰਟੀ ਦੇ ਦਰੀਆਂ ਵਿਛਾਉਣ ਵਾਲੇ ਅਕਾਲੀ ਦਲ ਅਤੇ ਕੈਪਟਨ ਦੀ ਸਰਕਾਰ ਮੌਕੇ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਆਗੂਆਂ ਦੇ ਵਰਕਰਾਂ ਦੀ ਬਲੀ ਦੇ ਰਹੇ ਹਨ। ਆਮ ਆਦਮੀ ਪਾਰਟੀ ਵਿੱਚ “ਭਗਤਗਿਰੀ ਦਾ ਚੋਲਾ” ਪਾਉਣ ਵਾਲੇ ਵਰਕਰ ਤਾਂ ਮੁੱਖ ਮੰਤਰੀ ਵੱਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਿਲ ਕਰਨ ‘ਤੇ ਤਾੜੀਆਂ ਮਾਰ ਰਹੇ ਹਨ ਪ੍ਰੰਤੂ ਜਿਹੜੇ ਆਗੂਆਂ ਤੇ ਵਰਕਰਾਂ ਨੇ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਿੱਚ ਤਸ਼ੱਦਦ ਝੱਲਿਆ ਅਤੇ ਉਨਾਂ ਉੱਪਰ ਪਰਚੇ ਦਰਜ ਹੋਏ ਉਹ ਆਗੂ ਅਤੇ ਵਰਕਰ ਨਮੋਸ਼ੀ ਅਤੇ ਜਿੱਲਤ ਦੀ ਚੀਸ ਵੱਟ ਰਹੇ ਹਨ ਕਿਉਂਕਿ ਭਗਵੰਤ ਮਾਨ ਦੂਜੀਆਂ ਪਾਰਟੀਆਂ ਦੇ ਉਹਨਾਂ ਆਗੂਆਂ ਨੂੰ ਆਪ ‘ਚ ਸ਼ਾਮਿਲ ਕਰ ਰਹੇ ਹਨ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਮੌਕੇ ਆਪ ਦੇ ਵਰਕਰਾਂ ਤੇ ਆਗੂਆਂ ਨੂੰ ਜੁੱਤੀ ਦੀ ਨੋਕ ‘ਤੇ ਰੱਖਿਆ। ਹੁਣ ਇਹ ਤਾਂ ਮੰਨਿਆ ਨਹੀਂ ਜਾ ਸਕਦਾ ਕਿ ਦਲ ਬਦਲ ਕੇ ਆਪ ਦਾ ਮਖੌਟਾ ਪਾ ਕੇ ਆਪ ‘ਚ ਸ਼ਾਮਿਲ ਹੋਏ ਇਹ ਆਗੂ ਆਪ ਦੇ ਟਕਸਾਲੀ ਵਰਕਰਾਂ ਆਗੂਆਂ ਨੂੰ ਪਲਕਾਂ ‘ਤੇ ਬਿਠਾ ਕੇ ਰੱਖਣਗੇ। ਬਹਰਹਾਲ ! ਸੂਬੇ ਦੇ ਮੁੱਖ ਮੰਤਰੀ ਵੱਲੋਂ ਦਲ ਬਦਲੀ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਦੀ ਇਹ ਨੀਤੀ ਸੂਬੇ ਦੀ ਸਿਆਸੀ ਫਿਜ਼ਾ ਵਿੱਚ ਬੇਕਰਾਰੀ/ਬੇਭਰੋਸਗੀ ਦੀ ਬਦਬੂ ਭਰ ਰਹੀ ਹੈ ਜਿਸ ਦਾ ਖਮਿਆਜ਼ਾ ਇੱਕ ਨਾ ਇੱਕ ਦਿਨ ਆਮ ਆਦਮੀ ਪਾਰਟੀ ਨੂੰ ਵੀ ਚਕਾਉਣਾ ਪੈ ਸਕਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਿਆਸੀ ਸਥਿਤੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ।