ਚੰਡੀਗੜ੍ਹ, 26 ਅਗਸਤ, Gee98 News service
-ਹਜ਼ਾਰਾਂ ਲੋਕਾਂ ਨਾਲ ਸੈਂਕੜੇ ਹਜ਼ਾਰਾਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਪਰਲਜ਼ ਗਰੁੱਪ ਦਾ ਮਾਲਕ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਪਾਰਲਜ਼ ਗਰੁੱਪ ਦਾ ਮਾਲਕ ਅਤੇ 45 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਨਿਰਮਲ ਸਿੰਘ ਭੰਗੂ ਦੀ ਬੀਤੀ ਰਾਤ ਮੌਤ ਹੋ ਜਾਣ ਦੀ ਖ਼ਬਰ ਹੈ। ਨਿਰਮਲ ਸਿੰਘ ਭੰਗੂ ਨੂੰ ਸੀਬੀਆਈ ਨੇ 2016 ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਐਤਵਾਰ ਸ਼ਾਮ ਦੇ ਸਮੇਂ ਉਸਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਿਰਮਲ ਸਿੰਘ ਭੰਗੂ ਨੇ ਲੋਕਾਂ ਨੂੰ ਪੈਸੇ ਦੁੱਗਣੇ ਤਿਗਣੇ ਕਰਨ ਦੇ ਸਬਜਬਾਗ ਦਿਖਾ ਕੇ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰੀਆਂ। ਸੀਬੀਆਈ ਦੀ ਜਾਂਚ ਅਨੁਸਾਰ ਭੰਗੂ ਨੇ ਬਹੁਤਾ ਨਿਵੇਸ਼ ਵਿਦੇਸ਼ਾਂ ਵਿੱਚ ਕੀਤਾ। ਸੀਬੀਆਈ ਤੋਂ ਬਾਅਦ ਈਡੀ ਨੇ ਵੀ ਨਿਰਮਲ ਸਿੰਘ ਭੰਗੂ ਦੇ ਘਪਲੇ ਦੀ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਪਰਲਜ਼ ਗਰੁੱਪ ਦਾ ਮਾਲਕ ਨਿਰਮਲ ਸਿੰਘ ਭੰਗੂ ਰੂਪਨਗਰ ਜ਼ਿਲ੍ਹੇ ਦਾ ਵਸਨੀਕ ਸੀ। ਪਰਲਜ਼ ਗਰੁੱਪ ਰਾਹੀਂ ਠੱਗੀਆਂ ਮਾਰਨ ਦਾ ਗੋਰਖ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਈਕਲ ‘ਤੇ ਦੁੱਧ ਵੇਚਣ ਦਾ ਕੰਮ ਕਰਦਾ ਸੀ ਪਰ ਆਪਣੇ ਤੇਜ਼ ਤਰਾਰ ਦਿਮਾਗ ਗਲਤ ਵਰਤੋਂ ਨਾਲ ਨਿਰਮਲ ਸਿੰਘ ਭੰਗੂ ਕੁਝ ਸਮੇਂ ‘ਚ ਹੀ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ, ਜਿਸ ਨੇ ਪਰਲਜ਼ ਗਰੁੱਪ ਦੀ ਸਥਾਪਨਾ ਕਰਕੇ ਲੋਕਾਂ ਤੋਂ ਪੈਸੇ ਲਏ ਪਰ ਕਿਸੇ ਨੂੰ ਕੋਈ ਪੈਸਾ ਵਾਪਸ ਨਹੀਂ ਮੋੜਿਆ ਤੇ ਨਾ ਹੀ ਸਬੰਧਤ ਸਕੀਮਾਂ ਵਿੱਚ ਕਿਸੇ ਨੂੰ ਭਾਈਵਾਲ ਬਣਾਇਆ। ਜੇਕਰ ਕੋਈ ਇਹ ਸਬਕ ਲੈਣਾ ਚਾਹੇ ਤਾਂ ਸਪੱਸ਼ਟ ਹੈ ਕਿ ਨਿਰਮਲ ਸਿੰਘ ਭੰਗੂ ਦੀ ਜ਼ਿੰਦਗੀ ਠੱਗੀਆਂ ਮਾਰ ਕੇ ਜਾਇਦਾਦ ਇਕੱਠੀ ਕਰਨ ਵਾਲੇ ਲੋਕਾਂ ਲਈ ਇੱਕ ਸਬਕ ਦਿੰਦੀ ਹੈ ਕਿ ਕਿਵੇਂ ਉਹ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲਕ ਹੁੰਦੇ ਹੋਏ ਵੀ ਤਿਹਾੜ ਜੇਲ੍ਹ ਵਿੱਚ ਬਿਨਾਂ ਯੋਗ ਇਲਾਜ ਤੋਂ ਮਰ ਗਿਆ।