ਚੰਡੀਗੜ੍ਹ,23 ਅਗਸਤ, Gee98 News service
-ਆਮ ਲੋਕਾਂ ਨੂੰ ਨਾ ਮਿਲਣ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਦੇ ਖ਼ਿਲਾਫ਼ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਸੀ ਸਾਹਿਬ ਨੂੰ ਖੁਦ ਮੀਡੀਆ ਲਈ ਇੱਕ ਵੀਡੀਓ ਕਲਿੱਪ ਜਾਰੀ ਕਰਕੇ ਸਪੱਸ਼ਟੀਕਰਨ ਦੇਣਾ ਪਿਆ। ਦੱਸ ਦੇਈਏ ਕਿ ਬੀਤੇ ਕੱਲ੍ਹ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਡੀਸੀ ਪਟਿਆਲਾ ਨੂੰ ਮਿਲਣ ਗਿਆ ਇੱਕ ਵਿਅਕਤੀ ਕਹਿ ਰਿਹਾ ਹੈ ਕਿ ਡੀਸੀ ਸਾਹਿਬ ਆਮ ਲੋਕਾਂ ਨੂੰ ਨਹੀਂ ਮਿਲਦੇ, ਡੀਸੀ ਨੂੰ ਮਿਲਣ ਲਈ ਲੋਕਾਂ ਨੂੰ ਕਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ, ਡੀਸੀ ਨੂੰ ਮਿਲਣ ਆਏ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨਹੀਂ, ਜਦ ਕਿ ਡੀਸੀ ਦੇ ਦਫ਼ਤਰ ਅੰਦਰ ਕਦੇ ਪਨੀਰ ਪਕੌੜੇ, ਕਦੇ ਬਰਫ਼ੀ ਜਾ ਰਹੀ ਹੈ। ਵੀਡੀਓ ਵਾਇਰਲ ਕਰਨ ਵਾਲੇ ਜਰਨੈਲ ਸਿੰਘ ਨਾਮ ਦੇ ਵਿਅਕਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਵੀ ਕੀਤੀ ਕਿ ਡੀਸੀ ਪਟਿਆਲਾ ਵੱਲੋਂ ਆਮ ਲੋਕਾਂ ਨੂੰ ਖੱਜਲ ਖੁਆਰ ਕਰਨ ਬਦਲੇ ਕਾਰਵਾਈ ਕੀਤੀ ਜਾਵੇ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਸੀ ਪਟਿਆਲਾ ਸ਼੍ਰੀ ਸ਼ੌਕਤ ਅਹਿਮਦ ਪਰੇ ਵਿਵਾਦਾਂ ਵਿੱਚ ਘਿਰ ਗਏ ਸਨ ਜਿਸ ਤੋਂ ਬਾਅਦ ਡੀਸੀ ਸਾਬ੍ਹ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਦੇਣਾ ਪਿਆ। ਇਸ ਸਬੰਧ ਵਿੱਚ ਡੀਸੀ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਹ ਸਵੇਰੇ 9 ਵਜੇ ਤੋਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਦਫ਼ਤਰ ਵਿੱਚ ਬੈਠਦੇ ਹਨ ਤੇ ਉਨ੍ਹਾਂ ਦੇ ਦਫ਼ਤਰ ਦਾ ਦਰਵਾਜ਼ਾ ਹਰੇਕ ਵਿਅਕਤੀ ਲਈ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਜ਼ਰੂਰੀ ਮੀਟਿੰਗਾਂ ਕਾਰਨ ਲੋਕਾਂ ਨੂੰ ਥੋੜਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਅੱਜ ਪਹਿਲਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਨਾਲ ਮੀਟਿੰਗ ਕੀਤੀ ਗਈ ਤੇ ਫਿਰ ਫੌਜੀ ਅਧਿਕਾਰੀਆਂ ਨਾਲ ਜ਼ਰੂਰੀ ਮੀਟਿੰਗ ਹੋਈ। ਉਪਰੰਤ ਸਮਾਂ ਲੈ ਕੇ ਆਏ ਵਕਫ਼ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ 33 ਲੋਕਾਂ ਨੂੰ ਟੋਕਨ ਪ੍ਰਣਾਲੀ ਰਾਹੀਂ ਵੀ ਮਿਲਿਆ ਗਿਆ। ਉਨ੍ਹਾਂ ਕਿਹਾ ਕਿ ਜੇ ਕਿਸੇ ਜ਼ਰੂਰੀ ਮੀਟਿੰਗ ਕਾਰਨ ਮਿਲਣ ਵਿੱਚ ਥੋੜਾ ਸਮਾਂ ਲੱਗਦਾ ਹੈ ਤਾਂ ਲੋਕਾਂ ਨੂੰ ਅਪੀਲ ਹੈ ਕਿ ਉਹ ਸੰਜਮ ਨਾਲ ਕੰਮ ਲੈਣ। ਉਨ੍ਹਾਂ ਨੂੰ ਪੂਰਾ ਸਮਾਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਵੀ ਨਿਯਮਾਂ ਮੁਤਾਬਕ ਕੀਤਾ ਜਾਵੇਗਾ।