ਬਰਨਾਲਾ,16 ਅਗਸਤ
-ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੀ ਵਿਲੱਖਣ ਵਿਚਾਰਧਾਰਾ ਅਤੇ ਸੋਚ ਦੀ ਬਦੌਲਤ ਸਮਾਜ ਦੇ ਹਰ ਖੇਤਰ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾ ਲੈਂਦੇ ਹਨ। ਅਜਿਹੀ ਸ਼ਖਸ਼ੀਅਤ ਦੇ ਮਾਲਕ ਸਨ ਡਾਕਟਰ ਸੂਰੀਆਂ ਕਾਂਤ ਸ਼ੋਰੀ,ਜੋ 4 ਅਗਸਤ ਨੂੰ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਡਾਕਟਰ ਸੂਰੀਆਕਾਂਤ ਸ਼ੋਰੀ ਦੇ ਕਾਰਜ ਖੇਤਰ ਨੂੰ ਸ਼ਬਦੀ ਵਿਆਖਿਆ ਦੀ ਸੀਮਾ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹ ਹਰ ਖੇਤਰ ਦੇ ਮਾਹਿਰ ਅਤੇ ਹਰਮਨ ਪਿਆਰੇ ਇਨਸਾਨ ਸਨ। ਆਰੀਆ ਸਮਾਜ ਪ੍ਰਤੀ ਮਰਹੂਮ ਡਾਕਟਰ ਸ਼ੋਰੀ ਦੀ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਇਸ ਦਾ ਜ਼ਿਕਰ ਵੀ ਹਮੇਸ਼ਾ ਹੁੰਦਾ ਰਹੇਗਾ। ਵੈਦਿਕ ਵਿਚਾਰਧਾਰਾ ਦੇ ਧਾਰਨੀ ਡਾਕਟਰ ਸ਼ੋਰੀ ਗਿਆਨ ਦੇ ਵੀ ਸਮੁੰਦਰ ਸਨ। ਆਰੀਆ ਸਮਾਜ ਦੀਆਂ ਅਨੇਕਾਂ ਸੰਸਥਾਵਾਂ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਉਹਨਾਂ ਨੇ ਸਮਾਜ ਨੂੰ ਵਡਮੁੱਲੀ ਸੇਧ ਦਿੱਤੀ। ਡਾਕਟਰ ਸ਼ੋਰੀ ਪਿਛਲੇ ਲੱਗਭੱਗ 14 ਵਰ੍ਹਿਆਂ ਤੋਂ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਵਿੱਦਿਆ ਦੇ ਖੇਤਰ ਵਿੱਚ ਨਾਮਵਰ ਸੰਸਥਾ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਦੀ ਲਗਭਗ 25 ਸਾਲ ਅਗਵਾਈ ਕਰਕੇ ਉਹਨਾਂ ਨੇ ਇਸ ਸੰਸਥਾ ਨੂੰ ਸਿਖਰ ‘ਤੇ ਪਹੁੰਚਾਇਆ। ਡਾਕਟਰ ਸ਼ੋਰੀ ਨੇ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਵਿੱਚ ਵੀ ਮਹੱਤਵਪੂਰਨ ਸੇਵਾਵਾਂ ਦਿੱਤੀਆਂ। ਡਾਕਟਰ ਸ਼ੋਰੀ ਸਮਾਜ ਦੇ ਜਿਸ ਖੇਤਰ ਵਿੱਚ ਵੀ ਵਿਚਰੇ ਉਥੇ ਉਹਨਾਂ ਨੇ ਆਪਣੀ ਸ਼ਖਸ਼ੀਅਤ ਦੀ ਖ਼ੁਸ਼ਬੂ ਦੇ ਨਾਲ ਹਰ ਇੱਕ ਨੂੰ ਮੰਤਰਮੁਗਧ ਕੀਤਾ। ਮਰਹੂਮ ਡਾਕਟਰ ਸ਼ੋਰੀ ਨਮਿਤ ਹਵਨ ਯੱਗ ਅਤੇ ਅੰਤਿਮ ਪ੍ਰਾਥਨਾ ਬਰਨਾਲਾ ਦੇ ਸ਼ਾਂਤੀ ਹਾਲ ਵਿਖੇ 18 ਅਗਸਤ ਦਿਨ ਐਤਵਾਰ ਨੂੰ 1 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗੀ ਜਿੱਥੇ ਆਰੀਆ ਸਮਾਜ ਦੀਆਂ ਵੱਡੀਆਂ ਹਸਤੀਆਂ ਤੋਂ ਹੀ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਆਪਣੇ ਮਰਹੂਮ ਆਗੂ ਨੂੰ ਸ਼ਰਧਾ ਭੇਂਟ ਕਰਨਗੇ।
-ਨਿਰਮਲ ਸਿੰਘ ਪੰਡੋਰੀ
Gee98 News Network Punjab
