ਬਰਨਾਲਾ, 9 ਅਗਸਤ, Gee98 news service :
-ਦੀ ਸ਼ਹਿਣਾ ਬਹੁਮੰਤਵੀ ਕੋਅਪਰੇਟਿਵ ਸੁਸਾਇਟੀ ਸ਼ਹਿਣਾ ਵਿਖੇ ਸੇਲਜਮੈਨ ਦੀ ਅਸਾਮੀ ਦੀ ਚੋਣ ਦੇ ਢੰਗ ਤਰੀਕਿਆਂ ਤੇ ਚੁਣੇ ਗਏ ਉਮੀਦਵਾਰ ਦੀ ਯੋਗਤਾ ‘ਤੇ ਸਵਾਲ ਖੜੇ ਹੋਏ ਹਨ। ਦੋਸ਼ ਲੱਗੇ ਹਨ ਕਿ ਪ੍ਰਬੰਧਕਾਂ ਨੇ ਵੱਧ ਯੋਗਤਾ ਵਾਲੇ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕਰਕੇ ਘੱਟ ਯੋਗਤਾ ਵਾਲੇ ਉਮੀਦਵਾਰ ਦੀ ਚੋਣ ਕੀਤੀ ਅਤੇ ਇਸ ਸਬੰਧੀ ਨਿਯਮਾਂ ਦੀ ਉਲੰਘਣਾ ਵੀ ਕੀਤੀ। ਦੱਸ ਦਈਏ ਕਿ ਕੋ ਆਪਰੇਟਿਵ ਸੁਸਾਇਟੀ ਸ਼ਹਿਣਾ ਬੀਤੇ ਕੱਲ ਇੱਕ ਸੇਲਜਮੈਨ ਦੀ ਭਰਤੀ ਕੀਤੀ ਗਈ ਹੈ। ਇਸ ਭਰਤੀ ਪ੍ਰਕਿਰਿਆ ਤੇ ਸਵਾਲ ਚੁੱਕਦੇ ਹੋਏ ਪੰਚਾਇਤ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਦੱਸਿਆ ਕਿ ਵੀਰਵਾਰ ਨੂੰ ਸਹਿਕਾਰੀ ਸਭਾ ਸ਼ਹਿਣਾ ਲਈ ਸੇਲਜਮੈਨ ਦੀ ਭਰਤੀ ਲਈ ਯੋਗਤਾ ਕੰਪਿਊਟਰ ਦਾ ਮਾਹਿਰ ਰੱਖੀ ਗਈ ਸੀ ਪਰ ਨਿਯੁਕਤੀ ਦੌਰਾਨ ਭਰਤੀ ਪ੍ਰਬੰਧਕਾਂ ਨੇ ਐੱਮ.ਐੱਸ. ਆਈਟੀ ਕੰਪਿਊਟਰ ਕੀਤੀ ਵਾਲੇ ਉਮੀਦਵਾਰ ਨੂੰ ਤਰਜੀਹ ਦੇਣ ਦੀ ਬਜਾਏ ਕੰਪਿਊਟਰ ਸਕਿੱਲ ਸਰਟੀਫਿਕੇਟ 120 ਘੰਟੇ ਨੂੰ ਤਰਜੀਹ ਦੇ ਕੇ ਰੱਖ ਲਿਆ ਗਿਆ। ਉਨ੍ਹਾਂ ਕਿਹਾ ਕਿ ਐੱਮ.ਐੱਸ (ਆਈ.ਟੀ) ਕੰਪਿਊਟਰ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੋਣ ਨੂੰ ਮਾਨਤਾ ਦੇਣ ਦੀ ਬਜਾਏ ਆਮ ਸੰਸਥਾ ਤੋਂ 10 ਤੋਂ 20 ਹਜ਼ਾਰ ਰੁਪਏ ’ਚ ਮਿਲਦੇ ਸਰਟੀਫਿਕੇਟ ਨੂੰ ਮਾਨਤਾ ਦੇ ਕੇ ਭਰਤੀ ਪ੍ਰਕਿਿਰਆ ਨੂੰ ਕਾਗਜ਼ੀ ਕਾਰਵਾਈ ਤੱਕ ਸੀਮਤ ਕਰ ਕੇ ਰੱਖ ਦਿੱਤਾ ਗਿਆ। ਉੱਪ ਚੇਅਰਮੈਨ ਬਾਵਾ ਨੇ ਦੱਸਿਆ ਕਿ ਇਸ ਨਿਯੁਕਤੀ ਦੀ ਜਿੱਥੇ ਉਹ ਉੱਚ ਪੱਧਰੀ ਵਿਭਾਗੀ ਜਾਂਚ ਦੀ ਮੰਗ ਕਰਦੇ ਹਨ, ਉੱਥੇ ਮਾਨਯੋਗ ਅਦਾਲਤ ’ਚ ਸਟੇਅ ਲੈਣ ਲਈ ਇਨਸਾਫ਼ ਦੀ ਗੁਹਾਰ ਲਗਾਈ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਵਿਜੀਲੈਂਸ ਨੂੰ ਵੀ ਤਰੁੰਤ ਇਸ ਮਾਮਲੇ ਦਾ ਰਿਕਾਰਡ ਲੈ ਕੇ ਜਾਂਚ ਕਰਨੀ ਚਾਹੀਦੀ ਹੈ। ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਦੱਸਿਆ ਕਿ ਚੋਣ ਪ੍ਰਬੰਧਕਾਂ ਵਲੋਂ ਆਪਣੇ ਚਹੇਤੇ ਨਿਯੁਕਤ ਕੀਤੇ ਉਮੀਦਵਾਰ ਨੂੰ ਕੰਪਿਊਟਰ ’ਚ ਐਂਟਰੀਆਂ ਕਰਨ ਦਾ ਮਾਹਿਰ ਹੋਣ ਕਰਕੇ ਭਰਤੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਨੀਤੀ ਪਹਿਲਾ ਹੀ ਘੜੀ ਗਈ ਜਾਪਦੀ ਹੈ ਕਿਉਂਕਿ ਨਿਯੁਕਤ ਕੀਤੇ ਸੇਲਜਮੈਨ ਕੋਲ ਕੋਈ ਤਜ਼ਰਬਾ ਨਹੀਂ ਹੈ ਤੇ ਨਾ ਹੀ ਕਿਤੇ ਉਸਨੇ ਅਕਾਂਊਂਟ ਦਾ ਕੰਮ ਕੀਤਾ ਹੈ। ਜਿਸ ਤੋਂ ਸਾਫ ਸਪੱਸ਼ਟ ਜਾਪਦਾ ਹੈ ਕਿ ਸੁਸਾਇਟੀ ਦੇ ਰਿਕਾਰਡ ਦੀਆਂ ਐਂਟਰੀਆਂ ਕਰਨੀਆਂ ਇਸ ਨੂੰ ਨਿਯੁਕਤੀ ਤੋਂ ਪਹਿਲਾ ਸਿਖਾਈਆਂ ਗਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜਦ ਇਸ ਨਿਯੁਕਤੀ ਸਬੰਧੀ ਇੰਸਪੈਕਟਰ ਨਾਲ ਯੋਗਤਾ ਸਬੰਧੀ ਗੱਲ ਕੀਤੀ ਤਾਂ ਇੰਸਪੈਕਟਰ ਨੇ ਕਿਹਾ ਕਿ “ਯੋਗਤਾ ਤਾਂ ਛੱਡੋ, ਸੁਸਾਇਟੀ ਦਾ ਕੰਮ ਆਉਂਦਾ ਦੇਖੋ”। ਸੇਲਜਮੈਨ ਦੀ ਇਸ ਨਿਯੁਕਤੀ ਪ੍ਰਕਿਰਿਆ ਚ ਮਾਮਲਾ ਗੜਬੜ ਹੋਣ ਦੀ ਇੱਕ ਹੋਰ ਮਿਸਾਲ ਦਿੰਦੇ ਹੋਏ ਦੀਪੀ ਬਾਵਾ ਨੇ ਕਿਹਾ ਕਿ ਭਰਤੀ ਪ੍ਰਬੰਧਕ ਇੰਸਪੈਕਟਰ ਰਵਿੰਦਰ ਕੁਮਾਰ ਤੋਂ ਜਦ ਸਰਟੀਫਿਕੇਟਾਂ ਦੀ ਕਾਪੀ ਮੰਗੀ ਗਈ ਤਾਂ ਉਨ੍ਹਾਂ ਨੇ ਮਾਮਲੇ ਨੂੰ ਹੋਰ ਉਲਝਾਉਣ ਲਈ ਆਰਟੀਆਈ ਐਕਟ ਤਹਿਤ ਜਾਣਕਾਰੀ ਲੈਣ ਲਈ ਕਹਿ ਕੇ ਪੱਲਾ ਛੁਡਾ ਗਿਆ। ਜਦ ਕਿ ਸਹਿਕਾਰੀ ਸਭਾਵਾਂ ਆਰਟੀਆਈ ਦੇ ਘੇਰੇ ’ਚ ਆ ਹੀ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਰਿਕਾਰਡ ਆਰਟੀਆਈ ਤਹਿਤ ਸੂਚਨਾ ਨਾ ਮਿਲਣ ਕਾਰਨ ਚੋਰ ਮੋਰੀਆਂ ਅੰਦਰ ਹੀ ਦਬ ਕੇ ਰਹਿ ਜਾਂਦੀਆਂ ਹਨ। ਜਿਸਨੂੰ ਦੇਖਦਿਆਂ ਤਰੁੰਤ ਸਹਿਕਾਰੀ ਸਭਾਵਾਂ ਨੂੰ ਆਰਟੀਆਈ ਦੇ ਘੇਰੇ ’ਚ ਲਿਆ ਜਾਣਾ ਬਣਦਾ ਹੈ। ਇਸ ਮਾਮਲੇ ਸਬੰਧੀ ਲੱਗੇ ਦੋਸ਼ਾਂ ਬਾਰੇ ਪੱਖ ਜਾਨਣ ਲਈ ਜਦ ਇੰਸਪੈਕਟਰ ਰਵਿੰਦਰ ਕੁਮਾਰ ਨਾਲ ਵਾਰ-ਵਾਰ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਨੇ ਮੋਬਾਇਲ ਨਹੀਂ ਚੁੱਕਿਆ।