ਚੰਡੀਗੜ੍ਹ,7 ਅਗਸਤ, Gee98 news service
-ਬੰਗਲਾਦੇਸ਼ ਦੇ ਮੌਜੂਦਾ ਹਾਲਾਤਾਂ ਦੇ ਸੰਦਰਭ ਵਿੱਚ ਉਥੋਂ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਟਿੱਪਣੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰੀ ਫੇਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੀ ਟਿੱਪਣੀ ਨੂੰ ਬੇਹੱਦ ਗ਼ੈਰ-ਸੰਵੇਦਨਸ਼ੀਲ ਅਤੇ ਮੰਦਭਾਗਾ ਕਰਾਰ ਦਿੱਤਾ ਹੈ। ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਵਣ ਮਹਾਂਉਤਸਵ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ 15 ਸਾਲਾਂ ਦੇ ਸ਼ਾਸਨ ਦਾ ਅਚਾਨਕ ਅੰਤ ਕਰਨ ਵਾਲੀਆਂ ਘਟਨਾਵਾਂ ਨੇ ਇਹ ਸਬਕ ਸਿਖਾਇਆ ਹੈ ਕਿ ਤਾਨਾਸ਼ਾਹੀ ਸ਼ਾਸਨ ਸਦਾ ਲਈ ਨਹੀਂ ਰਹਿ ਸਕਦਾ। ਇਸ ‘ਤੇ ਟਿੱਪਣੀ ਕਰਦੇ ਹੋਏ ਬਾਜਵਾ ਨੇ ਕਿਹਾ ਸ਼ੇਖ ਹਸੀਨਾ ਬੰਗਲਾਦੇਸ਼ ਵਿਚ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਨ। ਸੰਕਟ ਦੇ ਅਜਿਹੇ ਸਮੇਂ ਵਿੱਚ, ਉਨ੍ਹਾਂ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਭਾਰਤ ਦੇ ਉਨ੍ਹਾਂ ਨਾਲ ਅਤੇ ਬੰਗਲਾਦੇਸ਼ ਨਾਲ ਦੋਸਤਾਨਾ ਸਬੰਧ ਹਨ। ਉਹ ਸਾਡੇ ਦੇਸ਼ ਦੀ ਮਹਿਮਾਨ ਹੈ। ਇੱਥੇ ਉਸ ਨੂੰ ਘਰ ਦਾ ਅਹਿਸਾਸ ਕਰਵਾਉਣ ਦੀ ਬਜਾਏ ਮੁੱਖ ਮੰਤਰੀ ਮਾਨ ਨੇ ਉਸ ਨੂੰ ਤਾਨਾਸ਼ਾਹ ਕਿਹਾ। ਬਾਜਵਾ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਬਹੁਤ ਹੀ ਨਿੰਦਣਯੋਗ ਹਨ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਉਹ ਨਾ ਸਿਰਫ ਇਕ ਪ੍ਰਭੂਸੱਤਾ ਵਾਲੇ ਦੇਸ਼ ਬੰਗਲਾਦੇਸ਼ ਦੀ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਦੀ ਮੁਖੀ ਸੀ, ਬਲਕਿ ਬੰਗਲਾਦੇਸ਼ ਦੇ ਸੰਸਥਾਪਕ ਅਤੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਵੀ ਹੈ। 1975 ਵਿਚ ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਸ਼ੇਖ ਹਸੀਨਾ ਨੇ ਦਿੱਲੀ ਵਿਚ ਸ਼ਰਨ ਮੰਗੀ ਸੀ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਸ ਨੂੰ ਪਨਾਹ ਦਿੱਤੀ।